IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ’ਤੇ ਪਦਮਸ੍ਰੀ ਇੰਦਰਜੀਤ ਸਿੰਘ ਸਿੱਧੂ ਨੇ...

ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ’ਤੇ ਪਦਮਸ੍ਰੀ ਇੰਦਰਜੀਤ ਸਿੰਘ ਸਿੱਧੂ ਨੇ ਜਤਾਈ ਨਾਰਾਜ਼ਗੀ, 89 ਸਾਲ ਦੀ ਉਮਰ ’ਚ ਖ਼ੁਦ ਸੰਭਾਲਿਆ ਸਫ਼ਾਈ ਦਾ ਮੋਰਚਾ

Admin User - Oct 26, 2026 07:01 PM
IMG

ਚੰਡੀਗੜ੍ਹ ਵਿੱਚ ਸਫ਼ਾਈ ਪ੍ਰਬੰਧਾਂ ਦੀ ਮਾੜੀ ਹਾਲਤ ਤੋਂ ਨਾਰਾਜ਼ ਪਦਮਸ੍ਰੀ ਐਵਾਰਡੀ ਅਤੇ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਇੱਕ ਵਾਰ ਫਿਰ ਖ਼ੁਦ ਸੜਕਾਂ ਅਤੇ ਗਲੀਆਂ ਵਿੱਚ ਕੂੜਾ ਚੁੱਕਦੇ ਨਜ਼ਰ ਆਏ। 89 ਸਾਲ ਦੀ ਉਮਰ ਵਿੱਚ ਵੀ ਸਮਾਜ ਸੇਵਾ ਪ੍ਰਤੀ ਉਨ੍ਹਾਂ ਦਾ ਜਜ਼ਬਾ ਕਾਇਮ ਹੈ। ਸਿੱਧੂ ਨੇ ਸ਼ਹਿਰ ਦੇ ਪਾਰਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸਫ਼ਾਈ ਦੀ ਘਾਟ ’ਤੇ ਸਵਾਲ ਉਠਾਉਂਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਮੁਤਾਬਕ ਸੈਕਟਰ-49 ਦੇ ਪਾਰਕਾਂ ਵਿੱਚ ਕੂੜਾਦਾਨਾਂ ਦੀ ਘਾਟ ਅਤੇ ਬਾਜ਼ਾਰਾਂ ਵਿੱਚ ਗੰਦਗੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੈਕਟਰ-49ਏ ਦੇ ਬਾਜ਼ਾਰ ਵਿੱਚ ਜਨਤਕ ਪਖਾਨਿਆਂ ਦੇ ਬਾਹਰ ਕਥਿਤ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਨ੍ਹਾਂ ਨੇ ਚੁੱਕਿਆ ਹੈ। ਸਿੱਧੂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਅਤੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ।

ਵਿਦੇਸ਼ ਜਾਣ ਦੀ ਬਜਾਏ ਦੇਸ਼ ਸੇਵਾ ਨੂੰ ਚੁਣਿਆ: ਸਿੱਧੂ ਨੇ ਆਪਣੇ ਪੁੱਤਰ ਵੱਲੋਂ ਅਮਰੀਕਾ ਆਉਣ ਦੀ ਸਲਾਹ ਦੇਣ ਦੇ ਬਾਵਜੂਦ ਪੰਜਾਬ ਅਤੇ ਦੇਸ਼ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਗੁਆਂਢੀ ਰਾਜੇਸ਼ ਕੇ. ਆਰੀਆ ਅਨੁਸਾਰ ਸਿੱਧੂ ਰੋਜ਼ਾਨਾ ਸਵੇਰੇ ਅਤੇ ਸ਼ਾਮ ਇਲਾਕੇ ਦੀ ਸਫ਼ਾਈ ਵਿੱਚ ਜੁਟੇ ਰਹਿੰਦੇ ਹਨ। ਸਾਲ 1996 ਵਿੱਚ ਪੰਜਾਬ ਪੁਲਿਸ ਦੇ ਡੀ.ਆਈ.ਜੀ. ਅਹੁਦੇ ਤੋਂ ਸੇਵਾਮੁਕਤ ਹੋਏ ਸਿੱਧੂ ਨੇ ਪਹਿਲਾਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ, ਪਰ ਕਾਰਵਾਈ ਨਾ ਹੋਣ ’ਤੇ ਖ਼ੁਦ ਸਫ਼ਾਈ ਦੀ ਜ਼ਿੰਮੇਵਾਰੀ ਸੰਭਾਲ ਲਈ।

ਇਸ ਸਾਲ ਜੂਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਪਦਮਸ੍ਰੀ ਨਾਲ ਸਨਮਾਨਿਤ ਇੰਦਰਜੀਤ ਸਿੰਘ ਸਿੱਧੂ ਦਾ ਇਹ ਉਪਰਾਲਾ ਨਾਗਰਿਕਾਂ ਲਈ ਪ੍ਰੇਰਨਾ ਬਣਿਆ ਹੋਇਆ ਹੈ। ਉਨ੍ਹਾਂ ਦੀ ਮੁਹਿੰਮ ਨੇ ਜਿੱਥੇ ਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ ਹੈ, ਉੱਥੇ ਹੀ ਚੰਡੀਗੜ੍ਹ ਦੇ ਸਫ਼ਾਈ ਪ੍ਰਬੰਧਾਂ ਅਤੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.