ਤਾਜਾ ਖਬਰਾਂ
ਚੰਡੀਗੜ੍ਹ/ਅੰਮ੍ਰਿਤਸਰ, 26 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਾਬਾਲਗਾਂ ਸਮੇਤ ਚਾਰ ਵਿਅਕਤੀਆਂ ਨੂੰ 16 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਦੋ ਵੱਖ-ਵੱਖ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਨਮੋਲ ਸਿੰਘ ਉਰਫ਼ ਮੋਹਲਾ (19) ਵਾਸੀ ਪਿੰਡ ਨੌਸ਼ਹਿਰਾ ਢਾਲਾ, ਤਰਨ ਤਾਰਨ, ਹਰਦੀਪ ਸਿੰਘ ਉਰਫ਼ ਸ਼ਿਵ (18) ਵਾਸੀ ਪਿੰਡ ਚੇਲਾ, ਤਰਨ ਤਾਰਨ ਅਤੇ ਦੋ ਨਾਬਾਲਗਾਂ ਵਜੋਂ ਹੋਈ ਹੈ।
ਬਰਾਮਦ ਕੀਤੇ ਗਏ 16 ਪਿਸਤੌਲਾਂ ਵਿੱਚ ਤਿੰਨ 9ਐਮਐਮ ਗਲੋਕ ਪਿਸਤੌਲ, ਇੱਕ .30 ਬੋਰ ਪਿਸਤੌਲ (ਚੀਨ ਦਾ ਬਣਿਆ), ਇੱਕ .30 ਬੋਰ ਐਕਸ-ਸ਼ਾਟ ਪਿਸਤੌਲ, ਇੱਕ .30 ਬੋਰ ਪੀ.ਐਕਸ.-5 ਸਟੋਰਮ ਪਿਸਤੌਲ, ਨੌਂ .30 ਬੋਰ ਪਿਸਤੌਲ ਅਤੇ ਇੱਕ ਦੇਸੀ .32 ਬੋਰ ਪਿਸਤੌਲ ਸ਼ਾਮਲ ਹੈ। ਇਸ ਦੇ ਨਾਲ ਹੀ 7 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਟੀਮ ਨੇ ਇੱਕ ਹੌਂਡਾ ਐਕਟਿਵਾ ਸਕੂਟਰ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਬੈਠੇ ਇੱਕ ਹੈਂਡਲਰ ਦੇ ਸੰਪਰਕ ਵਿੱਚ ਸਨ, ਜੋ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਭੇਜਣ ਵਿੱਚ ਮਦਦ ਕਰਦਾ ਸੀ। ਇਹ ਹਥਿਆਰ ਇੱਕ ਸੰਗਠਿਤ ਨੈੱਟਵਰਕ ਰਾਹੀਂ ਅੱਗੇ ਅਪਰਾਧੀ ਅਨਸਰਾਂ ਨੂੰ ਸਪਲਾਈ ਕੀਤੇ ਜਾ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ।
ਪਹਿਲੇ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਹਥਿਆਰ ਸਪਲਾਈ ਬਾਰੇ ਮਿਲੀ ਪੁਖਤਾ ਇਤਲਾਹ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਥਾਣਾ ਕੈਂਟ ਦੇ ਅਧਿਕਾਰ ਖੇਤਰ ਵਿੱਚ ਐਕਟਿਵਾ ਸਕੂਟਰ 'ਤੇ ਜਾ ਰਹੇ ਇੱਕ ਨਾਬਾਲਗ ਨੂੰ ਰੋਕਿਆ ਅਤੇ ਉਸ ਦੇ ਕਬਜ਼ੇ 'ਚੋਂ ਛੇ ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਕੀਤੇ।
ਦੂਜੇ ਆਪ੍ਰੇਸ਼ਨ ਵਿੱਚ, ਸੀਪੀ ਨੇ ਦੱਸਿਆ ਕਿ ਥਾਣਾ ਗੇਟ ਹਕੀਮਾ ਦੀਆਂ ਪੁਲਿਸ ਟੀਮਾਂ ਨੇ ਅਨਮੋਲ ਸਿੰਘ ਉਰਫ਼ ਮੋਹਲਾ ਨੂੰ ਉਸ ਦੇ ਨਾਬਾਲਗ ਸਾਥੀ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ .30 ਬੋਰ ਦੇ ਪੰਜ ਪਿਸਤੌਲ ਬਰਾਮਦ ਕੀਤੇ। ਇਸ ਤੋਂ ਬਾਅਦ ਕੀਤੀ ਜਾਂਚ ਅਤੇ ਦੋਵਾਂ ਦੇ ਖੁਲਾਸਿਆਂ ਦੇ ਆਧਾਰ 'ਤੇ ਪੁਲਿਸ ਨੇ ਉਨ੍ਹਾਂ ਦੇ ਇੱਕ ਹੋਰ ਸਾਥੀ ਹਰਦੀਪ ਉਰਫ਼ ਸ਼ਿਵ ਨੂੰ ਪੰਜ ਹੋਰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਇਸ ਆਪ੍ਰੇਸ਼ਨ ਵਿੱਚ ਬਰਾਮਦ ਕੀਤੇ ਪਿਸਤੌਲਾਂ ਦੀ ਗਿਣਤੀ 10 ਹੋ ਗਈ ਹੈ।
ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ— ਪਹਿਲਾ ਮਾਮਲਾ ਅਸਲਾ ਐਕਟ ਦੀ ਧਾਰਾ 25(8) ਤਹਿਤ ਮਿਤੀ 17.10.2026 ਨੂੰ ਐਫ.ਆਈ.ਆਰ. ਨੰਬਰ 196 ਅਧੀਨ ਪੁਲਿਸ ਥਾਣਾ ਕੈਂਟ ਵਿਖੇ ਅਤੇ ਦੂਜਾ ਮਾਮਲਾ ਅਸਲਾ ਐਕਟ ਦੀਆਂ ਧਾਰਾਵਾਂ 25(6), 25(7) ਅਤੇ 25(8) ਤਹਿਤ ਮਿਤੀ 21.10.2026 ਨੂੰ ਐਫ.ਆਈ.ਆਰ. ਨੰਬਰ 315 ਅਧੀਨ ਪੁਲਿਸ ਥਾਣਾ ਗੇਟ ਹਕੀਮਾ ਵਿਖੇ ਦਰਜ ਕੀਤਾ ਗਿਆ ਹੈ।
Get all latest content delivered to your email a few times a month.