ਤਾਜਾ ਖਬਰਾਂ
ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਰਾਤ ਦੇ ਵੇਲੇ ਆਪਣੇ ਇਲੈਕਟ੍ਰਾਨਿਕ ਯੰਤਰ ਚਾਰਜ ਕਰਨ ਦੀ ਸੁਵਿਧਾ ਨਹੀਂ ਮਿਲੇਗੀ। ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰੇਲਵੇ ਬੋਰਡ ਨੇ ਦੇਸ਼ ਦੇ ਸਾਰੇ ਜ਼ੋਨਲ ਦਫ਼ਤਰਾਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਹਨ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਟ੍ਰੇਨਾਂ ਦੇ ਸਾਰੇ ਕੋਚਾਂ ਵਿੱਚ ਚਾਰਜਿੰਗ ਪੁਆਇੰਟਾਂ ਦੀ ਪਾਵਰ ਸਪਲਾਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇ।
ਸੂਤਰਾਂ ਮੁਤਾਬਕ, ਦੱਖਣ ਪੂਰਬੀ ਰੇਲਵੇ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਰੇਲਵੇ ਬੋਰਡ ਨੇ ਇਨ੍ਹਾਂ ਸੁਰੱਖਿਆ ਨਿਯਮਾਂ ਨੂੰ ਮੁੜ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਕ ਟ੍ਰੇਨ ਵਿੱਚ ਚਾਰਜਿੰਗ ਪੁਆਇੰਟ ਚਾਲੂ ਰਹਿਣ ਕਾਰਨ ਯਾਤਰੀ ਦਾ ਪਾਵਰ ਬੈਂਕ ਓਵਰਹੀਟ ਹੋ ਕੇ ਫਟ ਗਿਆ ਸੀ। ਇਸੇ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਬੋਰਡ ਨੇ ਸਾਰੇ ਰੇਲ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਅਚਨਚੇਤ ਚੈਕਿੰਗ ਕਰਨ ਅਤੇ ਸਟਾਫ਼ ਨੂੰ ਜ਼ਰੂਰੀ ਸਿਖਲਾਈ ਦੇਣ ਲਈ ਕਿਹਾ ਹੈ।
ਅਕਸਰ ਰਾਤ ਵੇਲੇ ਯਾਤਰੀ ਆਪਣੇ ਮੋਬਾਈਲ, ਲੈਪਟਾਪ ਜਾਂ ਪਾਵਰ ਬੈਂਕ ਚਾਰਜਿੰਗ 'ਤੇ ਲਗਾ ਕੇ ਸੌਂ ਜਾਂਦੇ ਹਨ। ਲਗਾਤਾਰ ਚਾਰਜਿੰਗ ਨਾਲ ਓਵਰਹੀਟਿੰਗ, ਸ਼ਾਰਟ ਸਰਕਟ ਜਾਂ ਘਟੀਆ ਕੁਆਲਿਟੀ ਦੇ ਚਾਰਜਰਾਂ ਵਿੱਚ ਧਮਾਕਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਉਂਕਿ ਰਾਤ ਸਮੇਂ ਯਾਤਰੀ ਗੂੜ੍ਹੀ ਨੀਂਦ ਵਿੱਚ ਹੁੰਦੇ ਹਨ, ਇਸ ਲਈ ਕਿਸੇ ਸ਼ਾਰਟ ਸਰਕਟ ਦੀ ਸਥਿਤੀ ਵਿੱਚ ਤੁਰੰਤ ਬਚਾਅ ਕਰਨਾ ਔਖਾ ਹੋ ਜਾਂਦਾ ਹੈ, ਜੋ ਇੱਕ ਵੱਡੇ ਹਾਦਸੇ ਦਾ ਰੂਪ ਲੈ ਸਕਦਾ ਹੈ।
ਰੇਲਵੇ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਨਿਯਮ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਇਸ ਲਈ ਹੁਣ ਤੋਂ ਰੇਲ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਡਿਵਾਈਸਾਂ ਰਾਤ 11 ਵਜੇ ਤੋਂ ਪਹਿਲਾਂ ਹੀ ਚਾਰਜ ਕਰ ਕੇ ਰੱਖਣ।
Get all latest content delivered to your email a few times a month.