ਤਾਜਾ ਖਬਰਾਂ
ਪੰਜਾਬ ਸਰਕਾਰ ਦੀ ਫਲੈਗਸ਼ਿਪ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸ਼ਰਧਾਲੂਆਂ ਨੂੰ ਉੱਤਰਾਖੰਡ ਲੈ ਕੇ ਜਾ ਰਹੀਆਂ ਬੱਸਾਂ ਵਿੱਚ ਵੱਡੀਆਂ ਸੁਰੱਖਿਆ ਖਾਮੀਆਂ ਅਤੇ ਕਾਨੂੰਨੀ ਉਲੰਘਣਾਵਾਂ ਦੇ ਮਾਮਲੇ ਸਾਹਮਣੇ ਆਏ ਹਨ। ਹਰਿਦੁਆਰ ਵਿਖੇ ਉੱਤਰਾਖੰਡ ਟਰਾਂਸਪੋਰਟ ਵਿਭਾਗ ਵਲੋਂ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਬਿਨਾਂ ਵੈਧ ਪਰਮਿਟ, ਟੈਕਸ ਚੋਰੀ ਅਤੇ ਯਾਤਰੀਆਂ ਦੀ ਜਾਨ ਜੋਖਮ ਵਿੱਚ ਪਾਉਣ ਵਾਲੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਵਿਭਾਗ ਨੇ 3 ਬੱਸਾਂ ਨੂੰ ਮੌਕੇ 'ਤੇ ਹੀ ਬੰਦ (ਜ਼ਬਤ) ਕਰ ਲਿਆ, ਜਦਕਿ 5 ਬੱਸਾਂ ਦੇ ਮੋਟੇ ਚਲਾਨ ਕੱਟੇ। ਹਾਲਾਂਕਿ ਬਾਅਦ ਵਿੱਚ ਜੁਰਮਾਨਾ ਅਤੇ ਸਕਿਓਰਿਟੀ ਰਾਸ਼ੀ ਭਰਵਾਉਣ ਤੋਂ ਬਾਅਦ ਤਾੜਨਾ ਕਰਕੇ ਬੱਸਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਹਰਿਦੁਆਰ ਦੀ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ (ARTO) ਵਰੁਣਾ ਸੈਣੀ ਨੇ ਦੱਸਿਆ ਕਿ ਪੰਜਾਬ ਦੀ ਇਸ ਯੋਜਨਾ ਤਹਿਤ ਹਰ ਰੋਜ਼ ਲਗਭਗ 10 ਬੱਸਾਂ ਹਰਿਦੁਆਰ ਪੁੱਜਦੀਆਂ ਹਨ। ਜਾਂਚ 'ਚ ਸਾਹਮਣੇ ਆਇਆ ਕਿ ਜ਼ਿਆਦਾਤਰ ਬੱਸਾਂ ਪੰਜਾਬ 'ਚ ਰਜਿਸਟਰਡ ਹੀ ਨਹੀਂ ਹਨ, ਸਗੋਂ ਇਹ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਰਗੇ ਰਾਜਾਂ ਦੇ ਨੰਬਰਾਂ 'ਤੇ ਚੱਲ ਰਹੀਆਂ ਹਨ। ਇਨ੍ਹਾਂ ਬੱਸਾਂ ਕੋਲ ਉੱਤਰਾਖੰਡ 'ਚ ਦਾਖਲ ਹੋਣ ਲਈ ਜ਼ਰੂਰੀ ਪਰਮਿਟ ਨਹੀਂ ਸਨ ਅਤੇ ਨਾ ਹੀ ਬਣਦਾ ਟੈਕਸ ਅਦਾ ਕੀਤਾ ਗਿਆ ਸੀ।
ਮੋਟਰ ਵਹੀਕਲ ਇੰਸਪੈਕਟਰ (MVI) ਆਨੰਦ ਵਰਧਨ ਅਨੁਸਾਰ ਜਾਂਚ ਦੌਰਾਨ ਬੱਸਾਂ ਦੀ ਬਣਤਰ ਨਾਲ ਕੀਤੀ ਗਈ ਖ਼ਤਰਨਾਕ ਛੇੜਛਾੜ ਦਾ ਪਰਦਾਫਾਸ਼ ਹੋਇਆ ਹੈ:
ਜ਼ਿਆਦਾ ਸੀਟਾਂ ਲਈ ਲੰਬਾਈ ਵਧਾਈ: ਨਿਯਮਾਂ ਅਨੁਸਾਰ ਪਿਛਲੇ ਟਾਇਰ ਤੋਂ ਬੱਸ ਦੇ ਆਖਰੀ ਹਿੱਸੇ ਤੱਕ ਦਾ ਬੋਡੀ ਓਵਰਹੈਂਗ 60% ਹੋਣਾ ਚਾਹੀਦਾ ਹੈ, ਪਰ ਇਨ੍ਹਾਂ ਬੱਸਾਂ ਵਿੱਚ ਇਹ 70 ਤੋਂ 77% ਤੱਕ ਵਧਾਇਆ ਗਿਆ ਸੀ।
ਨਿਕਾਸ ਦੇ ਰਸਤੇ ਬੰਦ: ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਬਾਹਰ ਨਿਕਲਣ ਲਈ ਜ਼ਰੂਰੀ ਐਮਰਜੈਂਸੀ ਗੇਟ ਅਤੇ ਵਿੰਡੋਜ਼ ਗਾਇਬ ਸਨ।
ਅੱਗ ਬੁਝਾਊ ਯੰਤਰ ਨਦਾਰਦ: ਖਾਸ ਕਰਕੇ ਏ.ਸੀ. ਬੱਸਾਂ ਵਿੱਚ ਅੱਗ ਤੋਂ ਸੁਰੱਖਿਆ ਲਈ ਲੋੜੀਂਦਾ ਐਂਟੀ-ਫਾਇਰ ਸਿਸਟਮ ਬਿਲਕੁਲ ਨਹੀਂ ਮਿਲਿਆ।
ARTO ਵਰੁਣਾ ਸੈਣੀ ਨੇ ਸਪੱਸ਼ਟ ਕੀਤਾ ਕਿ ਬੱਸ ਮਾਲਕਾਂ ਵਲੋਂ ਲਿਖਤੀ ਭਰੋਸਾ ਅਤੇ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਬੱਸਾਂ ਛੱਡੀਆਂ ਗਈਆਂ ਹਨ। ਜੇਕਰ ਭਵਿੱਖ ਵਿੱਚ ਅਜਿਹੀਆਂ ਖਾਮੀਆਂ ਵਾਲੀਆਂ ਬੱਸਾਂ ਦੁਬਾਰਾ ਹਰਿਦੁਆਰ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਪੱਕੇ ਤੌਰ 'ਤੇ ਜ਼ਬਤ ਕਰ ਲਿਆ ਜਾਵੇਗਾ। MVI ਆਨੰਦ ਵਰਧਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਕਰਾਰਨਾਮਾ ਕਰਨ ਵੇਲੇ ਕੰਪਨੀਆਂ ਦੀਆਂ ਬੱਸਾਂ ਦੇ ਪਰਮਿਟ, ਟੈਕਸ ਅਤੇ ਸੁਰੱਖਿਆ ਮਿਆਰਾਂ ਦੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ।
Get all latest content delivered to your email a few times a month.