IMG-LOGO
ਹੋਮ ਅੰਤਰਰਾਸ਼ਟਰੀ: ਚੱਕਰਵਾਤੀ ਤੂਫ਼ਾਨ 'ਅਰਨਬ' ਦਾ ਕਹਿਰ: ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤਾਮਿਲਨਾਡੂ...

ਚੱਕਰਵਾਤੀ ਤੂਫ਼ਾਨ 'ਅਰਨਬ' ਦਾ ਕਹਿਰ: ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ 'ਚ ਭਾਰੀ ਤਬਾਹੀ ਦਾ ਖ਼ਤਰਾ

Admin User - Oct 28, 2026 12:19 PM
IMG

ਦੇਸ਼ ਦੇ ਪੂਰਬੀ ਤੱਟਵਰਤੀ ਰਾਜਾਂ 'ਤੇ ਗੰਭੀਰ ਚੱਕਰਵਾਤੀ ਤੂਫ਼ਾਨ 'ਅਰਨਬ' ਦਾ ਖ਼ਤਰਾ ਮੰਡਰਾ ਰਿਹਾ ਹੈ। ਬੰਗਾਲ ਦੀ ਖਾੜੀ ਤੋਂ ਉੱਠੇ ਇਸ ਖ਼ਤਰਨਾਕ ਤੂਫ਼ਾਨ ਕਾਰਨ ਆਂਧਰਾ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (IMD) ਅਨੁਸਾਰ ਤੂਫ਼ਾਨ ਦਾ ਕੇਂਦਰ ਤੱਟ ਦੇ ਬਹੁਤ ਨੇੜੇ ਪਹੁੰਚ ਚੁੱਕਾ ਹੈ ਅਤੇ ਲੈਂਡਫਾਲ ਦੀ ਪ੍ਰਕਿਰਿਆ ਜਾਰੀ ਹੈ। ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਸੰਜੀਵ ਦਿਵੇਦੀ ਨੇ ਦੱਸਿਆ ਕਿ ਤੂਫ਼ਾਨ ਇਸ ਸਮੇਂ ਯਾਨਮ ਦੇ ਦੱਖਣ ਵਿੱਚ ਬਾਪਟਲਾ ਅਤੇ ਵਿਸ਼ਾਖਾਪਟਨਮ ਦੇ ਵਿਚਕਾਰ ਤੱਟ ਨਾਲ ਟਕਰਾ ਰਿਹਾ ਹੈ। ਤੂਫ਼ਾਨ ਦੇ ਕੇਂਦਰ ਵਿੱਚ ਹਵਾ ਦੀ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਕਿ ਝੱਖੜ ਦੌਰਾਨ 145 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੀ ਹੈ। ਸ਼ੁਰੂਆਤ ਵਿੱਚ ਤੱਟ ਨਾਲ ਟਕਰਾਉਣ ਤੋਂ ਬਾਅਦ ਇਹ ਹੌਲੀ-ਹੌਲੀ ਉੱਤਰ-ਪੱਛਮ ਵੱਲ ਵਧੇਗਾ ਅਤੇ ਫਿਰ ਛੱਤੀਸਗੜ੍ਹ ਤੇ ਓਡੀਸ਼ਾ ਵੱਲ ਮੁੜੇਗਾ, ਜਿਸ ਤੋਂ ਬਾਅਦ ਅਗਲੇ ਕੁਝ ਘੰਟਿਆਂ ਵਿੱਚ ਇਸ ਦੀ ਤੀਬਰਤਾ ਵਿੱਚ ਕਮੀ ਆਉਣ ਦੀ ਉਮੀਦ ਹੈ।


ਇਸ ਤੂਫ਼ਾਨ ਦਾ ਸਭ ਤੋਂ ਵੱਡਾ ਅਸਰ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਵਿਜੇਵਾੜਾ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਬਾਰਿਸ਼ ਹੋ ਰਹੀ ਹੈ, ਜਦੋਂ ਕਿ ਕਾਕੀਨਾਡਾ ਦੇ ਕੋਰਿੰਗੀ ਖੇਤਰ ਵਿੱਚ ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਉੱਖੜ ਕੇ ਸੜਕਾਂ 'ਤੇ ਡਿੱਗ ਗਏ ਹਨ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਵਿਸ਼ਾਖਾਪਟਨਮ ਦੇ ਆਰ.ਕੇ. ਬੀਚ 'ਤੇ ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਆਮ ਲੋਕਾਂ ਲਈ ਬੀਚ 'ਤੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਦੂਜੇ ਪਾਸੇ, ਓਡੀਸ਼ਾ ਦੇ ਗੰਜਾਂਮ, ਗਜਪਤੀ, ਰਾਏਗੜਾ, ਨਬਰੰਗਪੁਰ, ਕੋਰਾਪੁਟ ਅਤੇ ਮਲਕਾਨਗਿਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ।


ਚੱਕਰਵਾਤ ਦਾ ਪ੍ਰਭਾਵ ਦੱਖਣ ਵਿੱਚ ਤਾਮਿਲਨਾਡੂ ਅਤੇ ਪੂਰਬ ਵਿੱਚ ਪੱਛਮੀ ਬੰਗਾਲ ਤੱਕ ਫੈਲਿਆ ਹੋਇਆ ਹੈ। ਥੂਥੁਕੁੜੀ ਵਿੱਚ ਸਵੇਰ ਤੋਂ ਧੁੰਦ ਦਾ ਮੌਸਮ ਰਿਹਾ ਅਤੇ ਬੰਦਰਗਾਹ ਨੇੜੇ ਸਮੁੰਦਰ ਵਿੱਚ ਭਾਰੀ ਉਛਾਲ ਦੇਖਿਆ ਗਿਆ, ਜਿਸ ਕਾਰਨ ਮਛੇਰਿਆਂ ਨੇ ਲਗਾਤਾਰ ਤੀਜੇ ਦਿਨ ਸਮੁੰਦਰ ਵਿੱਚ ਜਾਣ ਤੋਂ ਪਰਹੇਜ਼ ਕੀਤਾ। ਪੱਛਮੀ ਬੰਗਾਲ ਦੇ ਦੀਘਾ ਬੀਚ 'ਤੇ ਵੀ ਤੇਜ਼ ਲਹਿਰਾਂ ਅਤੇ ਭਾਰੀ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਤੂਫ਼ਾਨ ਦੌਰਾਨ ਘਰਾਂ ਦੇ ਅੰਦਰ ਰਹਿਣ ਅਤੇ ਦਰੱਖਤਾਂ ਜਾਂ ਬਿਜਲੀ ਦੇ ਖੰਭਿਆਂ ਹੇਠ ਖੜ੍ਹੇ ਨਾ ਹੋਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.