IMG-LOGO
ਹੋਮ ਪੰਜਾਬ, ਰਾਸ਼ਟਰੀ, ਪੰਜਾਬ ਦੀ ਸਿਆਸਤ ’ਚ ਵੱਡਾ ਫੇਰਬਦਲ: 2027 ਲਈ ਭਾਜਪਾ-ਅਕਾਲੀ ਗਠਜੋੜ...

ਪੰਜਾਬ ਦੀ ਸਿਆਸਤ ’ਚ ਵੱਡਾ ਫੇਰਬਦਲ: 2027 ਲਈ ਭਾਜਪਾ-ਅਕਾਲੀ ਗਠਜੋੜ ਮੁੜ ਪਰਤਣ ਦੀਆਂ ਅਟਕਲਾਂ ਹੋਈਆਂ ਤੇਜ਼

Admin User - Oct 30, 2026 12:38 PM
IMG

ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਸਿਆਸੀ ਗਲਿਆਰਿਆਂ 'ਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਭਰੋਸੇਯੋਗ ਸੂਤਰਾਂ ਅਤੇ ਸਿਆਸੀ ਮਾਹਰਾਂ ਮੁਤਾਬਕ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਰਮਿਆਨ ਦੋਹਰਾਅ-ਗਠਜੋੜ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਾਲੇ ਆਗਾਮੀ ਚੋਣਾਂ ਸਾਂਝੇ ਤੌਰ 'ਤੇ ਲੜਨ ਦੀਆਂ ਸੰਭਾਵਨਾਵਾਂ 'ਤੇ ਪਹਿਲਾਂ ਹੀ ਗੰਭੀਰ ਮੰਥਨ ਹੋ ਚੁੱਕਾ ਹੈ। ਖ਼ਬਰਾਂ ਅਨੁਸਾਰ, ਦੀਵਾਲੀ ਦੇ ਤਿਉਹਾਰ ਤੋਂ ਬਾਅਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਦੇ ਆਸ-ਪਾਸ ਇਸ ਇਤਿਹਾਸਕ ਗਠਜੋੜ ਦਾ ਰਸਮੀ ਐਲਾਨ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਵਾ ਦੇ ਕੇਂਦਰ ਅਤੇ ਬਾਦਲ ਪਰਿਵਾਰ ਦੇ ਰਾਜਨੀਤਿਕ ਗੜ੍ਹ ਮੰਨੇ ਜਾਂਦੇ ਬਠਿੰਡਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹਾਰੈਲੀ ਦੌਰਾਨ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਦਾ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ, ਜਿਸ ਕਰਕੇ ਇਸ ਰੈਲੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਰੈਲੀ ਦੀ ਪੱਕੀ ਮਿਤੀ ਅਤੇ ਸਮਝੌਤੇ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਅੰਦਰੂਨੀ ਚਰਚਾਵਾਂ ਜ਼ੋਰਾਂ 'ਤੇ ਹਨ। ਸੂਤਰਾਂ ਅਨੁਸਾਰ, ਇਸ ਵਾਰ ਭਾਜਪਾ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 47 ਤੋਂ 48 ਸੀਟਾਂ 'ਤੇ ਚੋਣ ਲੜਨ ਦੀ ਇੱਛਾ ਜਤਾ ਰਹੀ ਹੈ।


ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਵੇਲੇ ਇਹ ਪੁਰਾਣਾ ਨਾਤਾ ਟੁੱਟਣ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਦਹਾਕਿਆਂ ਤੱਕ ਮਜ਼ਬੂਤ ਭਾਈਵਾਲੀ ਰਹੀ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਦੇ ਦੌਰ ਤੋਂ ਹੀ ਐੱਨਡੀਏ (NDA) ਦਾ ਨਾਂ ਦਿੱਤਾ ਜਾਂਦਾ ਰਿਹਾ। ਰਿਸ਼ਤਾ ਟੁੱਟਣ ਤੋਂ ਬਾਅਦ ਦੋਵੇਂ ਧਿਰਾਂ ਇਕੱਲੇ ਬਲਬੂਤੇ ਸਰਕਾਰ ਬਣਾਉਣ ਦੇ ਦਾਅਵੇ ਕਰਦੀਆਂ ਰਹੀਆਂ, ਪਰ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ "ਐੱਨਡੀਏ ਸਰਕਾਰ" ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਨਵੇਂ ਸਿਆਸੀ ਸਮੀਕਰਨਾਂ ਨੇ ਜਨਮ ਲਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਆਪਣੇ ਪੁਰਾਣੇ ਸਾਥੀ ਨਾਲ ਮੁੜ ਸਾਂਝ ਪਾਉਂਦੀ ਹੈ ਜਾਂ ਕਿਸੇ ਨਵੇਂ ਵਿਕਲਪ ਵੱਲ ਕਦਮ ਵਧਾਉਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.