ਤਾਜਾ ਖਬਰਾਂ
ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿੱਚ ਜ਼ਮੀਨ ਦੀ ਹੱਦਬੰਦੀ ਅਤੇ ਖੇਤਾਂ ਦੀ ਵੱਟ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ। ਇਸ ਦੌਰਾਨ 55 ਸਾਲਾ ਕਿਸਾਨ ਪਲਵਿੰਦਰ ਸਿੰਘ ਦੀ ਕਹੀ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਝਗੜੇ ਦੌਰਾਨ ਮੁਲਜ਼ਮ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੀ ਫੜਾ ਕੇ ਹਮਲੇ ਲਈ ਉਕਸਾਇਆ, ਜਦਕਿ ਉਸ ਦਾ ਪੁੱਤਰ ਵੀ ਇਸ ਘਟਨਾ ਵਿੱਚ ਸ਼ਾਮਲ ਸੀ।
ਜਾਣਕਾਰੀ ਅਨੁਸਾਰ ਦੋਵਾਂ ਪਰਿਵਾਰਾਂ ਵਿਚਾਲੇ ਖੇਤਾਂ ਨੂੰ ਜਾਂਦੀ ਪਗਡੰਡੀ ਅਤੇ ਜ਼ਮੀਨੀ ਹੱਦ ਨੂੰ ਲੈ ਕੇ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਵੀਰਵਾਰ ਦੇਰ ਰਾਤ ਇਸੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਮੁੜ ਤਕਰਾਰ ਹੋ ਗਈ। ਮ੍ਰਿਤਕ ਦੇ ਪੁੱਤਰ ਧਰਮਪ੍ਰੀਤ ਸਿੰਘ ਮੁਤਾਬਕ, ਬਹਿਸ ਦੌਰਾਨ ਹਰਬੰਸ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਉਸ ਨੂੰ ਕਹੀ ਫੜਾਈ, ਜਿਸ ਤੋਂ ਬਾਅਦ ਹਰਬੰਸ ਸਿੰਘ ਅਤੇ ਉਸ ਦੇ ਪੁੱਤਰ ਵੱਸਣ ਸਿੰਘ ਨੇ ਪਲਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ।
ਗੰਭੀਰ ਜ਼ਖ਼ਮੀ ਕਿਸਾਨ ਨੂੰ ਪਹਿਲਾਂ ਧਿਆਨਪੁਰ ਦੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਬਟਾਲਾ ਰੈਫ਼ਰ ਕਰ ਦਿੱਤਾ। ਹਾਲਾਂਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ ਕੋਟਲੀ ਸੂਰਤ ਮੱਲ੍ਹੀਆਂ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਧਰਮਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਬੰਸ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਅਤੇ ਪੁੱਤਰ ਵੱਸਣ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.