ਤਾਜਾ ਖਬਰਾਂ
ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਵਸਨੀਕ ਦਲਜੀਤ ਸਿੰਘ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ, ਉਸ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਪਰਿਵਾਰ ਵਿਚਕਾਰ ਚੱਲ ਰਿਹਾ ਤਣਾਅ ਹੁਣ ਇੱਕ ਗੰਭੀਰ ਮੋੜ ਲੈ ਚੁੱਕਾ ਹੈ। ਜਿੱਥੇ ਇੱਕ ਪਾਸੇ ਇਹ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ, ਉੱਥੇ ਹੀ ਦੂਜੇ ਪਾਸੇ ਚੱਲ ਰਹੀ ਸਿਆਸੀ ਅਤੇ ਕਾਨੂੰਨੀ ਖਿੱਚੋਤਾਣ ਤੋਂ ਤੰਗ ਆ ਕੇ ਮ੍ਰਿਤਕ ਦੇ ਪਿਤਾ ਨੇ ਪ੍ਰਸ਼ਾਸਨਿਕ ਕਾਰਵਾਈ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ।
ਬੀਤੇ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਮ੍ਰਿਤਕ ਦਲਜੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਕਰਵਾਇਆ ਜਾਵੇ। ਅਦਾਲਤੀ ਹੁਕਮਾਂ ਅਨੁਸਾਰ, 15 ਘੰਟਿਆਂ ਦੇ ਅੰਦਰ ਲਾਸ਼ PGI ਨੂੰ ਸੌਂਪਣੀ ਹੋਵੇਗੀ ਅਤੇ ਪੋਸਟਮਾਰਟਮ ਰਿਪੋਰਟ ਸਿੱਧੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਖੇ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਅਦਾਲਤੀ ਕਾਰਵਾਈ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਤੋਂ ਨਿਰਾਸ਼ ਹੋਏ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਹੁਣ ਚੰਡੀਗੜ੍ਹ ਤੋਂ ਆਪਣੇ ਪਿੰਡ ਭੰਮੇ ਕਲਾਂ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ:
"ਅਸੀਂ ਕੋਈ ਅਦਾਲਤੀ ਪਟੀਸ਼ਨ ਦਾਇਰ ਨਹੀਂ ਕੀਤੀ ਸੀ। ਜਿਸ ਨੇ ਪਟੀਸ਼ਨ ਪਾਈ ਹੈ, ਹੁਣ ਉਹੀ ਪੋਸਟਮਾਰਟਮ ਅਤੇ ਸਸਕਾਰ ਦੀ ਜ਼ਿੰਮੇਵਾਰੀ ਸੰਭਾਲੇ। ਜੇਕਰ ਸਸਕਾਰ ਚੰਡੀਗੜ੍ਹ 'ਚ ਹੁੰਦਾ ਹੈ ਤਾਂ ਅਸੀਂ ਉਸ ਵਿੱਚ ਸ਼ਾਮਲ ਨਹੀਂ ਹੋਵਾਂਗੇ। ਅਸੀਂ ਚਾਹੁੰਦੇ ਹਾਂ ਕਿ ਸਸਕਾਰ ਪਿੰਡ ਵਿੱਚ ਹੀ ਹੋਵੇ, ਪਰ ਅਦਾਲਤ ਦੇ ਹੁਕਮ ਵੀ ਸਾਨੂੰ ਮੰਨਜ਼ੂਰ ਹਨ।"
ਜਰਨੈਲ ਸਿੰਘ ਅਨੁਸਾਰ, ਦਲਜੀਤ ਦਾ ਪੋਸਟਮਾਰਟਮ ਪਹਿਲਾਂ ਹੀ ਏਮਜ਼ (AIIMS) ਵਿੱਚ ਹੋ ਚੁੱਕਾ ਹੈ, ਪਰ ਜੇਕਰ ਪ੍ਰਸ਼ਾਸਨ ਮੁੜ ਪੋਸਟਮਾਰਟਮ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਮ੍ਰਿਤਕ ਦੀ ਭੈਣ ਅਮਰਜੀਤ ਕੌਰ ਦੇ ਆਉਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।
ਮਾਮਲੇ ਦੀ ਅਗਲੀ ਸੁਣਵਾਈ ਅਤੇ ਰਿਪੋਰਟ ਦੇ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਤੈਅ ਹੋਵੇਗੀ, ਪਰ ਪਰਿਵਾਰ ਦੇ ਇਸ ਕਦਮ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.