ਤਾਜਾ ਖਬਰਾਂ
ਮ੍ਰਿਤਕਾ ਦੇ ਪਿਤਾ ਡਾ. ਕੇ.ਕੇ. ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ਿਵਾਨੀ ਇੰਗਲੈਂਡ ਵਿੱਚ ਰਹਿੰਦੀ ਸੀ। ਉਨ੍ਹਾਂ ਨੂੰ ਉੱਥੋਂ ਸੁਨੇਹਾ ਮਿਲਿਆ ਕਿ ਸ਼ਿਵਾਨੀ ਦੀ ਹਾਲਤ ਗੰਭੀਰ ਹੈ। ਡਾਕਟਰਾਂ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਘਰ ਵਿੱਚ ਅੱਗ ਲੱਗਣ ਕਾਰਨ ਫੈਲੇ ਧੂੰਏਂ ਨਾਲ ਉਸ ਦਾ ਦਮ ਘੁੱਟ ਗਿਆ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ।
ਡਾ. ਵਰਮਾ ਨੇ ਦਾਅਵਾ ਕੀਤਾ ਕਿ ਧੀ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਜਦੋਂ ਉਨ੍ਹਾਂ ਨੇ ਉਸ ਨਾਲ ਅਤੇ ਸਹੁਰੇ ਪਰਿਵਾਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਿਵਾਨੀ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਪਿੰਡ ਖਾਟੀ, ਫਗਵਾੜਾ ਦੇ ਰਹਿਣ ਵਾਲੇ ਦਿਲਾਵਰ ਕਟਾਰੀਆਂ ਨਾਲ ਹੋਇਆ ਸੀ। ਇਹ ਲਵ ਮੈਰਿਜ ਸੀ ਅਤੇ ਸ਼ਿਵਾਨੀ ਆਪਣੇ ਪਤੀ ਨੂੰ ਵੀ ਇੰਗਲੈਂਡ ਲੈ ਕੇ ਗਈ ਸੀ।
ਡਾ. ਕੇ.ਕੇ. ਵਰਮਾ ਨੇ ਦੋਸ਼ ਲਗਾਇਆ ਕਿ ਸ਼ਿਵਾਨੀ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਲਗਾਤਾਰ ਮਾਨਸਿਕ ਤੇ ਸਰੀਰਕ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਨੇ ਧੀ ਦੀ ਮੌਤ ਦੇ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਵੀ ਪ੍ਰਗਟਾਇਆ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਿਵਾਨੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2023 ਵਿੱਚ ਹੋਇਆ ਸੀ। ਉਹ ਆਪਣੀ ਭੈਣ ਦੇ ਸੱਦੇ ’ਤੇ ਇੱਕ ਵਾਰ ਇੰਗਲੈਂਡ ਰੱਖੜੀ ਮਨਾਉਣ ਲਈ ਵੀ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉੱਥੇ ਘਰ ਦਾ ਮਾਹੌਲ ਠੀਕ ਨਹੀਂ ਸੀ ਅਤੇ ਉਸ ਦੀ ਭੈਣ ਨੂੰ ਪਤੀ ਵੱਲੋਂ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਸੀ।
ਭਰਾ ਮੁਤਾਬਕ, ਇੱਕ ਵਾਰ ਕੁੱਟਮਾਰ ਦੌਰਾਨ ਸ਼ਿਵਾਨੀ ਦਾ ਗਿੱਟਾ ਵੀ ਤੋੜ ਦਿੱਤਾ ਗਿਆ ਸੀ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਲਗਾਤਾਰ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਉਸ ਦੀ ਭੈਣ ਡਿਪ੍ਰੈਸ਼ਨ ਵਿੱਚ ਰਹਿਣ ਲੱਗ ਪਈ ਸੀ। ਉਸ ਅਨੁਸਾਰ, ਸ਼ਿਵਾਨੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।
ਇਸ ਮਾਮਲੇ ਵਿੱਚ ਸਹੁਰਾ ਪਰਿਵਾਰ ਦਾ ਪੱਖ ਵੱਖਰਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਿਜਲੀ ਦੇ ਨੁਕਸ ਕਾਰਨ ਅੱਗ ਲੱਗੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਇੰਗਲੈਂਡ ਵਿੱਚ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਪੇਕੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।
Get all latest content delivered to your email a few times a month.