ਤਾਜਾ ਖਬਰਾਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚੱਲ ਰਹੇ 'ਦਿਲ-ਲੁਮਿਨਾਟੀ' (ਜਾਂ ਆਰੋ ਇੰਡੀਆ) ਟੂਰ ਦੌਰਾਨ ਇੰਦੌਰ ਦੇ ਸੀ-21 ਮਾਲ 'ਚ 15 ਨਵੰਬਰ ਨੂੰ ਹੋਣ ਵਾਲੇ ਲਾਈਵ ਸ਼ੋਅ ਨੂੰ ਲੈ ਕੇ ਵਿਵਾਦ ਹੁਣ ਕਾਨੂੰਨੀ ਅਤੇ ਪ੍ਰਸ਼ਾਸਨਿਕ ਮੋੜ ਲੈ ਚੁੱਕਾ ਹੈ। ਚੰਡੀਗੜ੍ਹ ਦੇ ਪ੍ਰੋਫ਼ੈਸਰ ਡਾ. ਪੰਡਿਤ ਰਾਓ ਧਾਰੇਨਾਵਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਇੰਦੌਰ) ਨੇ 6 ਨਵੰਬਰ ਨੂੰ ਮਾਲ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਦਿਲਜੀਤ ਆਪਣੇ ਚਾਰ ਬੇਹੱਦ ਪ੍ਰਸਿੱਧ ਗਾਣੇ ਸਮਾਗਮ ਦੌਰਾਨ ਨਹੀਂ ਗਾ ਸਕਣਗੇ।
ਪਾਬੰਦੀ ਦੀ ਜ਼ੱਦ ਹੇਠ ਆਏ ਗੀਤ:
'ਪਟਿਆਲਾ ਪੈਗ'
'5 ਤਾਰਾ ਠੇਕੇ'
'ਜੇਬ ਵਿੱਚੋਂ ਲੱਭਿਆ' (ਅਫ਼ੀਮ)
'ਜੱਟ ਉੱਤੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ'
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਪ੍ਰੋਗਰਾਮ ਵਿੱਚ 5 ਸਾਲ ਤੋਂ ਵੱਧ ਉਮਰ ਦੇ ਬੱਚੇ ਵੀ ਸ਼ਾਮਲ ਹੋ ਰਹੇ ਹਨ। ਇਨ੍ਹਾਂ ਗਾਣਿਆਂ ਦੇ ਬੋਲ ਕੋਮਲ ਮਨਾਂ 'ਤੇ ਮਾੜਾ ਅਸਰ ਪਾ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਬੋਲ ਬਦਲ ਕੇ ਵੀ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਨਿਰਦੇਸ਼ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ 2019 ਦੇ ਫ਼ੈਸਲੇ (ਮਾਮਲਾ CWP/27011/2016) ਅਤੇ ਕੇਂਦਰ ਸਰਕਾਰ ਦੇ 'ਨਸ਼ਾ ਮੁਕਤ ਭਾਰਤ ਅਭਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਰੋਕ ਲਗਾਉਂਦਾ ਹੈ। ਇਸ ਪੱਤਰ ਦੀਆਂ ਕਾਪੀਆਂ ਇੰਦੌਰ ਕਲੈਕਟਰ, ਸੰਯੁਕਤ ਡਾਇਰੈਕਟਰ ਅਤੇ ਵਿਜੇ ਨਗਰ ਥਾਣਾ ਇੰਚਾਰਜ ਨੂੰ ਵੀ ਭੇਜੀਆਂ ਗਈਆਂ ਹਨ।
ਛੋਟੇ ਬੱਚਿਆਂ ਨੂੰ ਸਟੇਜ 'ਤੇ ਬੁਲਾਉਣ 'ਤੇ ਪਾਬੰਦੀ:
ਡਬਲਯੂ.ਐੱਚ.ਓ. (WHO) ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਕੰਸਰਟ ਵਿੱਚ ਆਵਾਜ਼ ਦਾ ਪੱਧਰ 120 ਡੈਸੀਬਲ ਤੋਂ ਉੱਪਰ ਜਾਂਦਾ ਹੈ, ਜੋ ਬੱਚਿਆਂ ਦੀ ਸੁਣਨ ਸ਼ਕਤੀ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ 5 ਤੋਂ 30 ਹਰਟਜ਼ ਦੀ ਫਲੈਸ਼ਿੰਗ ਲਾਈਟਾਂ ਨਾਲ ਸੰਵੇਦਨਸ਼ੀਲ ਬੱਚਿਆਂ ਨੂੰ ਦੌਰੇ (Epilepsy/Seizures) ਪੈਣ ਦਾ ਖ਼ਤਰਾ ਰਹਿੰਦਾ ਹੈ।
ਦਿਲਜੀਤ ਵੱਲੋਂ ਛਾਤੀ 'ਤੇ ਨਕਲੀ ਧਾਤੂ ਜਾਂ ਚਾਂਦੀ ਰੰਗ ਦੀਆਂ ਕਾਰਤੂਸ ਬੈਲਟਾਂ (ਬੈਂਡੋਲੀਅਰ) ਪਹਿਨਣ 'ਤੇ ਸਖ਼ਤ ਵਿਰੋਧ ਜਤਾਇਆ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਇਹ ਪ੍ਰਦਰਸ਼ਨ ਹਿੰਸਾ ਅਤੇ ਬੰਦੂਕ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦਿੰਦਾ ਹੈ, ਜੋ ਨੌਜਵਾਨਾਂ ਅਤੇ ਬੱਚਿਆਂ ਦੀ ਮਾਨਸਿਕਤਾ ਲਈ ਘਾਤਕ ਹੈ।
Get all latest content delivered to your email a few times a month.