ਤਾਜਾ ਖਬਰਾਂ
ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਦੀਵਾਲੀ ਦੇ ਜਸ਼ਨਾਂ ਦੌਰਾਨ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜਦੋਂ ਰੂੜ੍ਹੀਵਾਦੀ ਕਾਰਕੁਨਾਂ ਦੇ ਇੱਕ ਸਮੂਹ ਨੇ ਸਮਾਗਮ ਵਿੱਚ ਪਹੁੰਚ ਕੇ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਭਾਈਚਾਰੇ ਵਿਰੁੱਧ ਨਸਲੀ ਟਿੱਪਣੀਆਂ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜੈਕ ਲੈਂਗ ਦੀ ਅਗਵਾਈ ਵਿੱਚ ਆਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਅਜਿਹੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਭਾਰਤੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਨਾਅਰੇ ਲਿਖੇ ਸਨ। ਇਸ ਘਟਨਾ ਤੋਂ ਬਾਅਦ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਈਚਾਰਕ ਆਗੂਆਂ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ।
ਜਾਣਕਾਰੀ ਅਨੁਸਾਰ ਜੈਕ ਲੈਂਗ ਆਪਣੇ ਸਾਥੀ ਥੌਮਸ ਐਲਨ ਸਮੇਤ ਅਮਰੀਕੀ ਝੰਡਾ ਲੈ ਕੇ ਸਮਾਗਮ ਵਾਲੀ ਥਾਂ ਪਹੁੰਚਿਆ। ਇਸ ਦੌਰਾਨ ਉਨ੍ਹਾਂ ਨੇ 'ਸਾਰੇ ਭਾਰਤੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢੋ' ਅਤੇ 'ਈਸਾਈਆਂ ਦੀ ਥਾਂ ਹਿੰਦੂਆਂ ਨੂੰ ਵਸਾਉਣਾ ਬੰਦ ਕਰੋ' ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਦਿਖਾਈਆਂ। ਉਸ ਸਮੇਂ ਸਮਾਗਮ ਦੇ ਮੰਚ ਉੱਤੇ ਸੱਭਿਆਚਾਰਕ ਨਾਚ ਦੀ ਪੇਸ਼ਕਾਰੀ ਚੱਲ ਰਹੀ ਸੀ। ਪ੍ਰਦਰਸ਼ਨਕਾਰੀਆਂ ਦੀ ਇਸ ਹਰਕਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਫੈਲ ਗਈਆਂ। ਹਾਲਾਂਕਿ, ਪ੍ਰਬੰਧਕਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੰਗਾਮਾ ਕਰਨ ਵਾਲਿਆਂ ਨੂੰ ਸਮਾਗਮ ਵਾਲੀ ਥਾਂ ਤੋਂ ਬਾਹਰ ਕਰ ਦਿੱਤਾ ਗਿਆ।
ਪ੍ਰਮੀਲਾ ਜੈਪਾਲ ਨੇ ਘਟਨਾ ਨੂੰ ਨਸਲਵਾਦੀ ਅਤੇ ਸ਼ਰਮਨਾਕ ਦੱਸਿਆ
ਇਹ ਮਾਮਲਾ ਸੀਏਟਲ ਸੈਂਟਰ ਆਰਮਰੀ ਵਿਖੇ ਕਰਵਾਏ ਗਏ ਦੀਵਾਲੀ ਸਮਾਗਮ ਨਾਲ ਸਬੰਧਤ ਹੈ, ਜੋ ਸਿਆਟਲ ਸੈਂਟਰ ਫੈਸਟਲ ਦਾ ਹਿੱਸਾ ਸੀ। ਇਸ ਸੱਭਿਆਚਾਰਕ ਕੇਂਦਰ ਵਿੱਚ ਹਰ ਸਾਲ ਲਗਭਗ 25 ਮੇਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਕਰੀਬ ਚਾਰ ਲੱਖ ਲੋਕ ਸ਼ਿਰਕਤ ਕਰਦੇ ਹਨ।
ਅਮਰੀਕੀ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਇਸ ਘਟਨਾ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਘਟੀਆ ਅਤੇ ਨਸਲਵਾਦੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੀਵਾਲੀ ਇੱਕ ਅਹਿਮ ਤਿਉਹਾਰ ਹੈ ਅਤੇ ਹਰ ਭਾਈਚਾਰੇ ਨੂੰ ਬਿਨਾਂ ਕਿਸੇ ਡਰ ਜਾਂ ਵਿਤਕਰੇ ਦੇ ਆਪਣੇ ਤਿਉਹਾਰ ਮਨਾਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਫ਼ਰਤ ਅਤੇ ਨਸਲਵਾਦ ਨੂੰ ਉਨ੍ਹਾਂ ਦੇ ਸ਼ਹਿਰ ਜਾਂ ਦੇਸ਼ ਵਿੱਚ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਭਾਰਤੀ-ਅਮਰੀਕੀ ਭਾਈਚਾਰੇ ਦੇ ਹੱਕ ਵਿੱਚ ਉੱਠੀਆਂ ਆਵਾਜ਼ਾਂ
ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਅਮਰੀਕੀਆਂ ਅਤੇ ਭਾਰਤੀ ਪਰਵਾਸੀਆਂ ਨੂੰ ਨਸਲੀ ਗਾਲ੍ਹਾਂ ਕੱਢਣਾ ਜਾਂ ਉਨ੍ਹਾਂ ਵਿਰੁੱਧ ਬੇਬੁਨਿਆਦ ਸਾਜ਼ਿਸ਼ੀ ਦਾਅਵੇ ਕਰਨਾ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਮਰੀਕਾ ਦੇ ਹਰੇਕ ਨਾਗਰਿਕ ਨੂੰ ਆਪਣੀ ਸੱਭਿਆਚਾਰਕ ਪਛਾਣ, ਵਿਰਾਸਤ ਅਤੇ ਤਿਉਹਾਰਾਂ ਨੂੰ ਆਜ਼ਾਦੀ ਨਾਲ ਮਨਾਉਣ ਦਾ ਅਧਿਕਾਰ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਵਲ ਦਫ਼ਤਰ ਵਿੱਚ ਰਵਾਇਤੀ ਦੀਵਾ ਜਗਾ ਕੇ ਦੀਵਾਲੀ ਮਨਾਈ ਸੀ। ਇਸੇ ਤਰ੍ਹਾਂ ਵਾਸ਼ਿੰਗਟਨ ਸੂਬੇ ਦੇ ਗਵਰਨਰ ਬੌਬ ਫਰਗੂਸਨ ਨੇ ਵੀ ਸਿਆਟਲ ਸਥਿਤ ਭਾਰਤੀ ਕੌਂਸਲੇਟ ਵਿੱਚ ਆਯੋਜਿਤ ਦੀਵਾਲੀ ਸਮਾਗਮ ਵਿੱਚ ਹਿੱਸਾ ਲਿਆ ਸੀ।
ਗਵਰਨਰ ਫਰਗੂਸਨ ਨੇ ਭਾਰਤੀ-ਅਮਰੀਕੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਵਾਸ਼ਿੰਗਟਨ ਸੂਬੇ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ-ਅਮਰੀਕੀ ਭਾਈਚਾਰਿਆਂ ਵਿੱਚੋਂ ਇੱਕ ਵੱਸਦਾ ਹੈ। ਉਨ੍ਹਾਂ ਮੁਤਾਬਕ ਪਿਛਲੇ ਦਸ ਸਾਲਾਂ ਵਿੱਚ ਸੂਬੇ ਅੰਦਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਆਬਾਦੀ ਵਿੱਚ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਭਾਈਚਾਰੇ ਨੇ ਵਾਸ਼ਿੰਗਟਨ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
Get all latest content delivered to your email a few times a month.