ਤਾਜਾ ਖਬਰਾਂ
ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸਵੈ-ਜੀਵਨੀ “Belonging: A Journey of Love” ਦੇ ਬਾਜ਼ਾਰ ਵਿੱਚ ਆਉਂਦਿਆਂ ਹੀ ਦੇਸ਼ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਕਿਤਾਬ ਦੇ ਰਿਲੀਜ਼ ਹੁੰਦਿਆਂ ਹੀ ਇਸ ਦੇ ਕੁਝ ਅਹਿਮ ਅੰਸ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸਾਲ 2004 ਦੌਰਾਨ ਦੇਸ਼ ਦਾ ਪ੍ਰਧਾਨ ਮੰਤਰੀ ਨਾ ਬਣਨ ਦੇ ਆਪਣੇ ਇਤਿਹਾਸਕ ਫੈਸਲੇ ਪਿੱਛੇ ਦੀ ਅਸਲ ਕਹਾਣੀ ਦਾ ਸੱਚ ਬਿਆਨ ਕੀਤਾ ਹੈ।
'ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਇੱਕ ਰਿਪੋਰਟ ਦੇ ਹਵਾਲੇ ਨਾਲ ਸਾਹਮਣੇ ਆਏ ਅੰਸ਼ਾਂ ਮੁਤਾਬਕ, ਸੋਨੀਆ ਗਾਂਧੀ ਨੇ ਦੱਸਿਆ ਕਿ 2004 ਦੀਆਂ ਆਮ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੱਚਿਆਂ—ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ—ਨਾਲ ਇਸ ਬਾਰੇ ਚਰਚਾ ਕੀਤੀ ਸੀ। ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਸ਼ਹਾਦਤ ਦਾ ਦਰਦ ਹੰਢਾ ਚੁੱਕੇ ਰਾਹੁਲ ਅਤੇ ਪ੍ਰਿਯੰਕਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਮਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇ। ਪਰਿਵਾਰ ਦੇ ਖੂਨੀ ਇਤਿਹਾਸ ਨੂੰ ਦੇਖਦਿਆਂ ਉਨ੍ਹਾਂ ਦੇ ਮਨ ਵਿੱਚ ਮਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੇ ਖ਼ਦਸ਼ੇ ਸਨ। ਜਦੋਂ ਸੋਨੀਆ ਗਾਂਧੀ ਨੇ ਬੱਚਿਆਂ ਨੂੰ PM ਨਾ ਬਣਨ ਦਾ ਭਰੋਸਾ ਦਿੱਤਾ, ਤਾਂ ਹੀ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ।
ਕਿਤਾਬ ਵਿੱਚ ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਉਹ ਵੱਡੇ ਧਰਮ-ਸੰਕਟ ਵਿੱਚ ਫਸ ਗਈਆਂ ਸਨ। ਇੱਕ ਪਾਸੇ ਪਰਿਵਾਰਕ ਵਿਰਾਸਤ, ਪਾਰਟੀ ਵਰਕਰਾਂ ਦਾ ਦਬਾਅ ਅਤੇ ਲੱਖਾਂ ਵੋਟਰਾਂ ਦੀਆਂ ਉਮੀਦਾਂ ਸਨ, ਜਦਕਿ ਦੂਜੇ ਪਾਸੇ ਉਨ੍ਹਾਂ ਦੀ ਆਪਣੀ ਅੰਤਰ-ਆਤਮਾ ਇਸ ਅਹੁਦੇ ਲਈ ਤਿਆਰ ਨਹੀਂ ਸੀ। ਉਹ ਅਕਸਰ ਫੈਸਲਾ ਲੈਂਦੇ-ਲੈਂਦੇ ਦੁਬਿਧਾ ਵਿੱਚ ਪੈ ਜਾਂਦੀਆਂ ਸਨ ਕਿ ਜੇਕਰ ਉਹ ਪਿੱਛੇ ਹਟਦੀਆਂ ਹਨ ਤਾਂ ਵਰਕਰ ਨਿਰਾਸ਼ ਹੋ ਜਾਣਗੇ।
ਆਖਰਕਾਰ, ਇੱਕ ਰਾਤ ਉਨ੍ਹਾਂ ਦੇ ਮਨ ਦੇ ਸਾਰੇ ਸ਼ੰਕੇ ਖਤਮ ਹੋ ਗਏ। ਉਨ੍ਹਾਂ ਨੂੰ ਅੰਦਰੋਂ ਇੱਕ ਸਪੱਸ਼ਟ ਆਵਾਜ਼ ਸੁਣਾਈ ਦਿੱਤੀ— "ਸੋਨੀਆ, ਆਪਣੇ ਆਪ ਨਾਲ ਸੱਚੇ ਰਹੋ। ਤੁਸੀਂ ਹਮੇਸ਼ਾ ਤੋਂ ਇਹ ਜਾਣਦੇ ਸੀ, ਬੱਸ ਹੁਣ ਇਸ ਨੂੰ ਛੱਡ ਦਿਓ।"
ਸੋਨੀਆ ਗਾਂਧੀ ਨੇ ਸਾਫ਼ ਕੀਤਾ ਕਿ ਪ੍ਰਧਾਨ ਮੰਤਰੀ ਬਣਨਾ ਕਦੇ ਵੀ ਉਨ੍ਹਾਂ ਦੀ ਨਿੱਜੀ ਇੱਛਾ ਨਹੀਂ ਸੀ। ਆਪਣੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ, ਉਨ੍ਹਾਂ ਨੇ ਸੰਸਦੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਡਾ. ਮਨਮੋਹਨ ਸਿੰਘ ਦਾ ਨਾਂ ਅੱਗੇ ਕੀਤਾ। ਇਸ ਤਰ੍ਹਾਂ 2004 ਵਿੱਚ ਡਾ. ਮਨਮੋਹਨ ਸਿੰਘ ਦੇ ਹੱਥਾਂ ਵਿੱਚ ਯੂਪੀਏ (UPA) ਸਰਕਾਰ ਦੀ ਬਾਗਡੋਰ ਆਈ।
Get all latest content delivered to your email a few times a month.