ਤਾਜਾ ਖਬਰਾਂ
ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਉਡਾਣ ਦੌਰਾਨ ਅੱਜ ਤੜਕੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਜਹਾਜ਼ ਦੇ ਸ਼ੌਚਾਲਯ (ਟਾਇਲਟ) ਦੇ ਸ਼ੀਸ਼ੇ ’ਤੇ ਲਿਖੀ ਹਾਈਜੈਕਿੰਗ ਦੀ ਧਮਕੀ ਮਿਲੀ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਹਵਾਈ ਅੱਡੇ ਅਤੇ ਸੁਰੱਖਿਆ ਏਜੰਸੀਆਂ ਵਿੱਚ ਤਰਥੱਲੀ ਮਚ ਗਈ।
ਉਡਾਣ ਭਰਨ ਦੀ ਤਿਆਰੀ ਕਰ ਰਹੇ ਜਹਾਜ਼ ਦੇ ਅੰਦਰ ਜਦੋਂ ਸਟਾਫ਼ ਦੀ ਨਜ਼ਰ ਇਸ ਧਮਕੀ ਭਰੇ ਸੁਨੇਹੇ ’ਤੇ ਪਈ, ਤਾਂ ਚਾਲਕ ਦਲ ਨੇ ਬਿਨਾਂ ਕੋਈ ਦੇਰੀ ਕੀਤੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲਰ (ATC) ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਜਹਾਜ਼ ਨੂੰ ਤੁਰੰਤ ਆਈਸੋਲੇਸ਼ਨ ਬੇਅ ਵੱਲ ਮੋੜ ਦਿੱਤਾ ਗਿਆ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਅਤੇ ਏਅਰਪੋਰਟ ਦੀਆਂ ਸੁਰੱਖਿਆ ਟੀਮਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਵਿਆਪਕ ਤਲਾਸ਼ੀ ਅਭਿਆਨ ਚਲਾਇਆ। ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਸ਼ੱਕੀ ਵਸਤੂ ਦੇ ਖ਼ਤਰੇ ਨੂੰ ਨਿਪਟਾਉਣ ਲਈ ਜਹਾਜ਼ ਦੇ ਹਰੇਕ ਕੋਨੇ ਅਤੇ ਯਾਤਰੀਆਂ ਦੇ ਸਾਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਤੇ ਜਾਂਚ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ। ਸ਼ੀਸ਼ੇ ’ਤੇ ਧਮਕੀ ਲਿਖਣ ਵਾਲੇ ਸ਼ਰਾਰਤੀ ਅਨਸਰ ਤੱਕ ਪਹੁੰਚਣ ਲਈ ਜਹਾਜ਼ ਦੇ ਅੰਦਰ ਅਤੇ ਟਰਮੀਨਲ ਏਰੀਏ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਫਿਲਹਾਲ ਸੁਰੱਖਿਆ ਟੀਮਾਂ ਵੱਲੋਂ ਜਹਾਜ਼ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਅਤੇ ਧਮਕੀ ਦੇ ਸਰੋਤ ਦਾ ਸੁਰਾਗ ਲਗਾਉਣ ਲਈ ਕਾਰਵਾਈ ਜਾਰੀ ਹੈ।
Get all latest content delivered to your email a few times a month.