ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਮਸ਼ਹੂਰ ਸੈਰ-ਸਪਾਟਾ ਸਥਾਨ ਬੀੜ-ਬਿਲਿੰਗ ਵਿਖੇ ਪੈਰਾਗਲਾਈਡਿੰਗ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗ੍ਰੇਟਰ ਨੋਇਡਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੈਰਾਗਲਾਈਡਿੰਗ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸ਼ੁਭਮ ਡੋਬਲਿਆਲ ਵਜੋਂ ਹੋਈ ਹੈ, ਜੋ ਆਪਣੀ ਭੈਣ ਅਤੇ ਤਿੰਨ ਚਚੇਰੇ ਭਰਾਵਾਂ ਨਾਲ ਹਿਮਾਚਲ ਘੁੰਮਣ ਆਇਆ ਹੋਇਆ ਸੀ। ਮੰਗਲਵਾਰ ਸ਼ਾਮ ਨੂੰ ਉਸ ਨੇ ਸਥਾਨਕ ਪਾਇਲਟ ਵਿਨੈ ਕੁਮਾਰ ਨਾਲ ਬਿਲਿੰਗ ਤੋਂ ਟੈਂਡਮ ਪੈਰਾਗਲਾਈਡਿੰਗ ਲਈ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਸ਼ੁਰੂ ਹੋਣ ਤੋਂ ਕਰੀਬ ਛੇ ਮਿੰਟ ਬਾਅਦ ਹੀ ਇਹ ਹਾਦਸਾ ਵਾਪਰ ਗਿਆ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਸ਼ੁਭਮ ਨਿਰਧਾਰਤ ਲੈਂਡਿੰਗ ਸਥਾਨ ਦੇ ਨੇੜੇ ਜੰਗਲ ਵਾਲੇ ਇਲਾਕੇ ਵਿੱਚ ਜਾ ਡਿੱਗਿਆ। ਇਸ ਦੌਰਾਨ ਪਾਇਲਟ ਸੁਰੱਖਿਅਤ ਢੰਗ ਨਾਲ ਹੇਠਾਂ ਉਤਰ ਆਇਆ ਅਤੇ ਉਸ ਨੇ ਹੋਰ ਪੈਰਾਗਲਾਈਡਿੰਗ ਪਾਇਲਟਾਂ ਨੂੰ ਯਾਤਰੀ ਦੇ ਡਿੱਗਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸ਼ੁਰੂ ਕੀਤੀ ਗਈ ਭਾਲ ਦੌਰਾਨ ਦੇਰ ਸ਼ਾਮ ਸ਼ੁਭਮ ਦੀ ਲਾਸ਼ ਜੰਗਲ ਵਿੱਚੋਂ ਬਰਾਮਦ ਹੋਈ।
ਘਟਨਾ ਸਬੰਧੀ ਬੀੜ ਪੁਲਿਸ ਨੇ ਪਾਇਲਟ ਵਿਨੈ ਕੁਮਾਰ ਖ਼ਿਲਾਫ਼ ਲਾਪਰਵਾਹੀ ਕਾਰਨ ਮੌਤ ਹੋਣ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਂਗੜਾ ਦੇ ਐਸਪੀ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਇਹ ਸੰਭਾਵਨਾ ਵੀ ਵਿਚਾਰੀ ਜਾ ਰਹੀ ਹੈ ਕਿ ਉਡਾਣ ਦੌਰਾਨ ਯਾਤਰੀ ਦੀ ਸੁਰੱਖਿਆ ਬੈਲਟ ਢਿੱਲੀ ਹੋ ਗਈ ਸੀ ਜਾਂ ਉਸ ਵਿੱਚ ਕੋਈ ਨੁਕਸ ਪੈ ਗਿਆ ਸੀ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਹੋਵੇਗਾ।
ਉੱਧਰ, ਮ੍ਰਿਤਕ ਦੇ ਚਚੇਰੇ ਭਰਾ ਮਨੀਸ਼ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਉਸ ਦਿਨ ਪੈਰਾਗਲਾਈਡਿੰਗ ਕਰਨ ਗਏ ਹੋਏ ਸਨ। ਉਨ੍ਹਾਂ ਨੂੰ ਇਸ ਮੰਦਭਾਗੀ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਾਇਲਟ ਨੇ ਉਨ੍ਹਾਂ ਨੂੰ ਸ਼ੁਭਮ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਦਿੱਤੀ।
Get all latest content delivered to your email a few times a month.