ਤਾਜਾ ਖਬਰਾਂ
ਟ੍ਰਾਈਸਿਟੀ (ਚੰਡੀਗੜ੍ਹ-ਮੋਹਾਲੀ) ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੈਂਕ ਆਫ਼ ਇੰਡੀਆ ਦੀ ਚੰਡੀਗੜ੍ਹ ਸਥਿਤ ਸ਼ਾਖਾ ਨੂੰ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਇਸ ਈਮੇਲ ਰਾਹੀਂ ਨਾ ਸਿਰਫ਼ ਚੰਡੀਗੜ੍ਹ ਅਤੇ ਮੋਹਾਲੀ ਦੇ ਅਹਿਮ ਟਿਕਾਣਿਆਂ ਨੂੰ ਬੰਬ ਧਮਾਕਿਆਂ ਨਾਲ ਦਹਿਲਾਉਣ ਦੀ ਚੇਤਾਵਨੀ ਦਿੱਤੀ ਗਈ ਹੈ, ਸਗੋਂ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਈਮੇਲ ਭੇਜਣ ਵਾਲੇ ਨੇ ਬਕਾਇਦਾ ਸਮਾਂ ਤੈਅ ਕਰਦਿਆਂ ਚੰਡੀਗੜ੍ਹ ਦੇ ਬੈਂਕਾਂ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਦੁਪਹਿਰ 1:11 ਵਜੇ ਅਤੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਰਾਤ 9:11 ਵਜੇ ਬੰਬ ਨਾਲ ਉਡਾਉਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ 12 ਦਸੰਬਰ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ ਆਈ.ਈ.ਡੀ. (IED) ਧਮਾਕਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਧਮਕੀ ਭਰੇ ਇਸ ਸੰਦੇਸ਼ ਵਿੱਚ ਪੰਜਾਬ, ਖਾਲਿਸਤਾਨ ਅਤੇ 1984 ਦੇ ਦੰਗਿਆਂ ਦਾ ਹਵਾਲਾ ਦਿੰਦੇ ਹੋਏ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਦੇ ਆਈਫੋਨ ਵਿੱਚ ਧਮਾਕਾ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ 'ਅੰਤਿਮ ਸਫ਼ਰ' ਸ਼ੁਰੂ ਹੋ ਚੁੱਕਾ ਹੈ। ਆਮ ਲੋਕਾਂ ਨੂੰ ਵੀ ਦਿਲਜੀਤ ਦੇ ਸ਼ੋਅ ਵਿੱਚ ਨਾ ਜਾਣ ਅਤੇ ਆਈਫੋਨ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ 31 ਦਸੰਬਰ ਤੱਕ ਅਮਿਤਾਭ ਬੱਚਨ ਦੇ ਮੁੰਬਈ ਸਥਿਤ ਬੰਗਲੇ 'ਜਲਸਾ' ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦੀ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਇਸ ਈਮੇਲ ਵਿੱਚ 'ਖਾਲਿਸਤਾਨ ਨੈਸ਼ਨਲ ਆਰਮੀ' ਅਤੇ 'ਬੱਬਰ ਖਾਲਸਾ (ਪਰਮਾਰ-ਕੈਨੇਡਾ)' ਵਰਗੀਆਂ ਜਥੇਬੰਦੀਆਂ ਦਾ ਨਾਮ ਲਿਆ ਗਿਆ ਹੈ। ਇਸ ਤੋਂ ਇਲਾਵਾ ਗੁਰਨਾਖ ਸਿੰਘ, ਗੁਰਮੀਰਵੀਰ ਸਿੰਘ, ਰਾਜਾਦਾ ਅਤੇ ਪ੍ਰੋ. ਗੁਰਕਾਲ ਸਿੰਘ ਸਮੇਤ ਕਈ ਹੋਰ ਵਿਅਕਤੀਆਂ ਤੇ ਥਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਅਤੇ ਬੰਬ ਨਿਰੋਧਕ ਦਸਤੇ (Bomb Squad) ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਬੈਂਕ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਸੀਲ ਕਰਕੇ ਬਾਰੀਕੀ ਨਾਲ ਤਲਾਸ਼ੀ ਲਈ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਸਾਈਬਰ ਸੈੱਲ ਅਤੇ ਪੁਲਿਸ ਦੀਆਂ ਟੀਮਾਂ ਹੁਣ ਈਮੇਲ ਦੇ ਆਈ.ਪੀ. ਐਡਰੈੱਸ ਰਾਹੀਂ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜ਼ਿਲ੍ਹਾ ਅਦਾਲਤ, ਪੰਜਾਬ ਸਕੱਤਰੇਤ, ਪਾਸਪੋਰਟ ਦਫ਼ਤਰ ਅਤੇ ਕਈ ਸਕੂਲਾਂ ਨੂੰ ਅਜਿਹੀਆਂ ਈਮੇਲਾਂ ਰਾਹੀਂ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਬਾਅਦ ਵਿੱਚ ਜਾਂਚ ਦੌਰਾਨ ਸਿਰਫ਼ ਅਫ਼ਵਾਹਾਂ ਹੀ ਸਾਬਤ ਹੋਈਆਂ ਸਨ। ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।
Get all latest content delivered to your email a few times a month.