ਤਾਜਾ ਖਬਰਾਂ
ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬਰੁਕਲਿਨ ਇਲਾਕੇ ਵਿੱਚ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਤਿੰਨ ਫਾਇਰਫਾਈਟਰਾਂ ਸਮੇਤ ਘੱਟੋ-ਘੱਟ 17 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਮਲਬੇ ਦੇ ਢੇਰ ਲੱਗ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ 'ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਘਟਨਾ ਵਾਲੀ ਥਾਂ ਦੇ ਬਿਲਕੁਲ ਪਿੱਛੇ ਰਹਿਣ ਵਾਲੀ ਚਸ਼ਮਦੀਦ ਇਮੈਨੁਏਲਾ ਕੈਰੀਲਾਸ ਨੇ ਦੱਸਿਆ ਕਿ ਇਮਾਰਤ ਡਿੱਗਣ ਵੇਲੇ ਇੰਨੀ ਜ਼ੋਰਦਾਰ ਆਵਾਜ਼ ਆਈ ਜਿਵੇਂ ਕੋਈ ਵੱਡਾ ਧਮਾਕਾ ਹੋਇਆ ਹੋਵੇ ਅਤੇ ਉਸ ਤੋਂ ਤੁਰੰਤ ਬਾਅਦ ਚਾਰੇ ਪਾਸੇ ਲੋਕਾਂ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ। ਇੱਕ ਹੋਰ ਸਥਾਨਕ ਵਾਸੀ ਦਸ਼ਿਕ ਨੇ ਇਸ ਮੰਜ਼ਰ ਨੂੰ ਬੇਹੱਦ ਖੌਫਨਾਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਭਿਆਨਕ ਹਾਦਸਾ ਪਹਿਲਾਂ ਕਦੇ ਨਹੀਂ ਦੇਖਿਆ।
ਰਾਹਤ ਕਾਰਜਾਂ ਦੌਰਾਨ ਉਸ ਵੇਲੇ ਇੱਕ ਭਾਵੁਕ ਅਤੇ ਰਾਹਤ ਭਰਿਆ ਪਲ ਦੇਖਣ ਨੂੰ ਮਿਲਿਆ ਜਦੋਂ ਬਚਾਅ ਟੀਮਾਂ ਨੇ ਮਲਬੇ ਹੇਠ ਦੱਬੀ ਇੱਕ ਛੇ ਮਹੀਨਿਆਂ ਦੀ ਗਰਭਵਤੀ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਆਪਣੀ ਪਤਨੀ ਨੂੰ ਜਿਉਂਦਾ ਦੇਖ ਕੇ ਭਾਵੁਕ ਹੋਏ ਪਤੀ ਨੇ ਖੁਸ਼ੀ ਜ਼ਾਹਰ ਕਰਦਿਆਂ ਬਚਾਅ ਕਰਮਚਾਰੀਆਂ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਠ ਕੀਮਤੀ ਜਾਨਾਂ ਜਾਣ ਦੇ ਸਦਮੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਉਨ੍ਹਾਂ ਦੱਸਿਆ ਕਿ ਬਚਾਅ ਦਲ ਬੇਹੱਦ ਜੋਖਮ ਭਰੇ ਹਾਲਾਤਾਂ ਵਿੱਚ ਸਾਰੀ ਰਾਤ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰਦੇ ਰਹੇ।
ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਚਾਅ ਕਾਰਜਾਂ ਵਿੱਚ ਵਿਘਨ ਨਾ ਪਾਉਣ ਲਈ ਘਟਨਾ ਸਥਾਨ ਤੋਂ ਦੂਰ ਰਹਿਣ। ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਇਸ ਹਾਦਸੇ ਤੋਂ ਪ੍ਰਭਾਵਿਤ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਸੰਪਰਕ ਨਹੀਂ ਕਰ ਪਾ ਰਿਹਾ, ਤਾਂ ਉਹ ਨਿਊਯਾਰਕ ਸਿਟੀ ਦੇ ਅੰਦਰੋਂ 311 'ਤੇ ਅਤੇ ਸ਼ਹਿਰ ਤੋਂ ਬਾਹਰੋਂ 212-639-9675 'ਤੇ ਸੰਪਰਕ ਕਰ ਸਕਦਾ ਹੈ। ਫਿਲਹਾਲ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਦਰ ਕੋਈ ਹੋਰ ਵਿਅਕਤੀ ਨਾ ਫਸਿਆ ਹੋਵੇ।
Get all latest content delivered to your email a few times a month.