ਤਾਜਾ ਖਬਰਾਂ
ਓਟੀਟੀ (OTT) ਜਗਤ ਦੀ ਸਭ ਤੋਂ ਚਰਚਿਤ ਅਤੇ ਸਫਲ ਵੈੱਬ ਸੀਰੀਜ਼ 'ਆਸ਼ਰਮ' ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅਤੇ ਨਿਰਦੇਸ਼ਕ ਪ੍ਰਕਾਸ਼ ਝਾਅ ਦੀ ਇਸ ਸੁਪਰਹਿੱਟ ਸੀਰੀਜ਼ ਦੇ ਚੌਥੇ ਸੀਜ਼ਨ ਦੀ ਸ਼ੂਟਿੰਗ ਆਖ਼ਿਰਕਾਰ ਪੂਰੀ ਹੋ ਗਈ ਹੈ। ਸ਼ੂਟਿੰਗ ਦੇ ਆਖ਼ਰੀ ਦਿਨ ਸੈੱਟ 'ਤੇ ਪੂਰੀ ਸਟਾਰ ਕਾਸਟ ਅਤੇ ਟੀਮ ਨੇ ਕੇਕ ਕੱਟ ਕੇ ਇਸ ਪਲ ਦਾ ਖ਼ੂਬ ਜਸ਼ਨ ਮਨਾਇਆ। ਇਸ ਖ਼ਾਸ ਮੌਕੇ ਲਈ ਤਿਆਰ ਕੀਤੇ ਗਏ ਕੇਕ 'ਤੇ ਸੀਰੀਜ਼ ਦੇ ਮਸ਼ਹੂਰ ਤਕੀਆ ਕਲਾਮ ਨਾਲ ਲਿਖਿਆ ਸੀ— "ਜਪਨਾਮ, ਇਟਸ ਅ ਰੈਪ - ਆਸ਼ਰਮ ਸੀਜ਼ਨ 4।"
ਜ਼ਿਕਰਯੋਗ ਹੈ ਕਿ ਇਸ ਨਵੇਂ ਸੀਜ਼ਨ ਦੀ ਸ਼ੂਟਿੰਗ ਇਸੇ ਸਾਲ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ। ਪ੍ਰਕਾਸ਼ ਝਾਅ ਪ੍ਰੋਡਕਸ਼ਨ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਇਸ ਸਫ਼ਰ ਦੀ ਸ਼ੁਰੂਆਤ ਸਾਂਝੀ ਕੀਤੀ ਗਈ ਸੀ। ਉਸ ਸਮੇਂ ਸੈੱਟ ਦੇ ਪੂਜਾ ਸਥਾਨ 'ਤੇ ਰੱਖੇ 'ਆਸ਼ਰਮ 4' ਦੇ ਕਲੈਪਰਬੋਰਡ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਗਿਆ ਸੀ ਕਿ ਦਰਸ਼ਕਾਂ ਦਾ ਆਸ਼ਰਮ ਦੇ ਇੱਕ ਨਵੇਂ ਅਧਿਆਏ ਵਿੱਚ ਸਵਾਗਤ ਹੈ।
ਪਿਛਲੇ ਤਿੰਨ ਸੀਜ਼ਨਾਂ ਵਿੱਚ 'ਬਾਬਾ ਨਿਰਾਲਾ' ਦੇ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡਣ ਵਾਲੇ ਬੌਬੀ ਦਿਓਲ ਇੱਕ ਵਾਰ ਫਿਰ ਆਪਣੇ ਦਮਦਾਰ ਅੰਦਾਜ਼ ਵਿੱਚ ਵਾਪਸੀ ਕਰ ਰਹੇ ਹਨ। ਉਨ੍ਹਾਂ ਦੇ ਨਾਲ ਇਸ ਸੀਜ਼ਨ ਵਿੱਚ ਅਦਿਤੀ ਪੋਹਨਕਰ, ਚੰਦਨ ਰਾਏ ਸਾਨਿਆਲ, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ, ਈਸ਼ਾ ਗੁਪਤਾ, ਅਧਿਅਇਨ ਸੁਮਨ ਅਤੇ ਤ੍ਰਿਧਾ ਚੌਧਰੀ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਪ੍ਰਕਾਸ਼ ਝਾਅ ਦੇ ਨਿਰਦੇਸ਼ਨ ਹੇਠ ਬਣੀ ਇਹ ਸੀਰੀਜ਼ ਇੱਕ ਅਜਿਹੇ ਸਵੈ-ਘੋਸ਼ਿਤ ਧਰਮ ਗੁਰੂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅੰਧਵਿਸ਼ਵਾਸ, ਸਿਆਸਤ ਅਤੇ ਅਪਰਾਧ ਦੇ ਗਠਜੋੜ ਨਾਲ ਆਪਣਾ ਕਾਲਾ ਸਾਮਰਾਜ ਖੜ੍ਹਾ ਕਰਦਾ ਹੈ। ਇਸ ਸੀਰੀਜ਼ ਦਾ ਪਹਿਲਾ ਭਾਗ ਅਗਸਤ 2020, ਦੂਜਾ ਨਵੰਬਰ 2020 ਅਤੇ ਤੀਜਾ ਭਾਗ ਜੂਨ 2022 ਵਿੱਚ MX ਪਲੇਅਰ 'ਤੇ ਰਿਲੀਜ਼ ਹੋਇਆ ਸੀ। ਸੂਤਰਾਂ ਅਨੁਸਾਰ, ਪੋਸਟ-ਪ੍ਰੋਡਕਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ 'ਆਸ਼ਰਮ ਸੀਜ਼ਨ 4' ਨੂੰ ਇਸ ਸਾਲ ਦੇ ਅੰਤ ਜਾਂ 2027 ਦੀ ਸ਼ੁਰੂਆਤ ਵਿੱਚ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾ ਸਕਦਾ ਹੈ।
Get all latest content delivered to your email a few times a month.