ਤਾਜਾ ਖਬਰਾਂ
ਆਲਮੀ ਆਰਥਿਕ ਉਥਲ-ਪੁਥਲ ਦਰਮਿਆਨ ਭਾਰਤ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਲਟਕਿਆ ਹੋਇਆ ਦੁਵੱਲਾ ਵਪਾਰਕ ਸਮਝੌਤਾ ਹੁਣ ਸਿਰੇ ਚੜ੍ਹਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਵਪਾਰਕ ਵਾਰਤਾ ਹੁਣ ਨਿਰਣਾਇਕ ਮੋੜ 'ਤੇ ਹੈ ਅਤੇ ਬਹੁਤ ਜਲਦ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ।
ਸਮਝੌਤੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਜ਼ਿਆਦਾਤਰ ਗੁੰਝਲਦਾਰ ਮੁੱਦਿਆਂ 'ਤੇ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੁਣ ਜਿਹੜੇ ਗਿਣਤੀ ਦੇ ਨੁਕਤੇ ਬਾਕੀ ਬਚੇ ਹਨ, ਉਨ੍ਹਾਂ 'ਤੇ ਅੰਤਿਮ ਮੋਹਰ ਲਾਉਣ ਦੀ ਜ਼ਿੰਮੇਵਾਰੀ ਭਾਰਤ ਨਾਲੋਂ ਕਿਤੇ ਵੱਧ ਵਾਸ਼ਿੰਗਟਨ (ਅਮਰੀਕੀ ਪ੍ਰਸ਼ਾਸਨ) ਦੇ ਮੋਢਿਆਂ 'ਤੇ ਹੈ। ਭਾਰਤੀ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਉਹ ਲਗਾਤਾਰ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਸੰਪਰਕ ਵਿੱਚ ਹਨ, ਤਾਂ ਜੋ ਇੱਕ ਬਰਾਬਰੀ ਵਾਲਾ ਅਤੇ ਸੰਤੁਲਿਤ ਸਮਝੌਤਾ ਨੇਪਰੇ ਚਾੜ੍ਹਿਆ ਜਾ ਸਕੇ।
ਗੱਲਬਾਤ ਦੇ ਵੇਰਵੇ ਜਨਤਕ ਨਾ ਕਰਨ ਦੇ ਸਵਾਲ 'ਤੇ ਜੈਸ਼ੰਕਰ ਨੇ ਕੂਟਨੀਤਕ ਗੁਪਤਤਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਵੱਡੇ ਕੌਮਾਂਤਰੀ ਸਮਝੌਤਿਆਂ ਦੇ ਅੰਤਿਮ ਪੜਾਅ ਵੇਲੇ ਲੋਕਾਂ ਵਿੱਚ ਉਤਸੁਕਤਾ ਵਧਣਾ ਸੁਭਾਵਿਕ ਹੈ, ਪਰ ਪ੍ਰਕਿਰਿਆ ਪੂਰੀ ਹੋਣ ਤੱਕ ਅਧਿਕਾਰਤ ਤੌਰ 'ਤੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ। ਇਸ ਦੌਰਾਨ ਉਨ੍ਹਾਂ ਇਤਿਹਾਸਕ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਵੀ ਸਮਝੌਤੇ ਦੀ ਸਮਾਂ-ਸੀਮਾ ਨੂੰ ਲੈ ਕੇ ਅਜਿਹੀ ਹੀ ਬੇਚੈਨੀ ਅਤੇ ਸਵਾਲਾਂ ਦਾ ਦੌਰ ਚੱਲਿਆ ਸੀ।
ਆਲਮੀ ਰਾਜਨੀਤੀ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕਰਦਿਆਂ ਵਿਦੇਸ਼ ਮੰਤਰੀ ਨੇ ਯੂਕਰੇਨ ਸੰਕਟ, ਮੱਧ ਪੂਰਬ ਦੇ ਤਣਾਅ ਅਤੇ ਅਫਰੀਕਾ ਵਿੱਚ ਜਾਰੀ ਅਸਥਿਰਤਾ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਵੇਂ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਖਿੱਚੋਤਾਣ ਮੌਜੂਦਾ ਆਲਮੀ ਤਣਾਅ ਦਾ ਮੁੱਖ ਧੁਰਾ ਹੈ, ਪਰ ਵਿਸ਼ਵ ਪੱਧਰ 'ਤੇ ਉੱਭਰ ਰਹੀਆਂ ਨਵੀਆਂ ਸ਼ਕਤੀਆਂ ਕਾਰਨ ਪੁਰਾਣੀ ਵਿਸ਼ਵ ਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੇ ਚੁਣੌਤੀਪੂਰਨ ਦੌਰ ਵਿੱਚ ਭਾਰਤ ਦੀ ਤਰੱਕੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ, ਦੂਰਅੰਦੇਸ਼ ਅਤੇ ਸਥਿਰ ਲੀਡਰਸ਼ਿਪ ਹੀ ਸਭ ਤੋਂ ਅਹਿਮ ਕੜੀ ਸਾਬਤ ਹੋਵੇਗੀ।
Get all latest content delivered to your email a few times a month.