ਤਾਜਾ ਖਬਰਾਂ
ਚੰਡੀਗੜ੍ਹ: ਪਾਕਿਸਤਾਨ ਵਾਲੇ ਪਾਸਿਓਂ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੇਂਸ) ਦੇ ਅਸਰ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਬਦਲਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ ਅੱਜ ਯਾਨੀ 15 ਨਵੰਬਰ ਨੂੰ ਸੂਬੇ ਦੇ ਚਾਰ ਜ਼ਿਲ੍ਹਿਆਂ— ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਦਿਨ ਭਰ ਬੱਦਲਵਾਈ ਬਣੀ ਰਹਿਣ ਦੀ ਉਮੀਦ ਹੈ।
ਮੌਸਮ ਮਾਹਿਰਾਂ ਮੁਤਾਬਕ ਸੂਬੇ ਵਿੱਚ ਰਾਤ ਦੇ ਪਾਰੇ ਵਿੱਚ ਭਾਵੇਂ 1.5 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਆਈ ਹੈ, ਪਰ ਫਿਰ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.9 ਡਿਗਰੀ ਉੱਪਰ ਚੱਲ ਰਿਹਾ ਹੈ। ਬੀਤੀ ਰਾਤ ਪਠਾਨਕੋਟ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵਿਭਾਗ ਦੀ ਰਿਪੋਰਟ ਅਨੁਸਾਰ ਮੀਂਹ ਦਾ ਇਹ ਸਿਲਸਿਲਾ ਜ਼ਿਆਦਾ ਲੰਬਾ ਨਹੀਂ ਚੱਲੇਗਾ ਅਤੇ 16 ਨਵੰਬਰ ਤੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਮੁੜ ਖੁਸ਼ਕ ਅਤੇ ਸਾਫ਼ ਹੋ ਜਾਵੇਗਾ। ਹਾਲਾਂਕਿ, ਅੱਜ ਰਾਤ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਸਵੇਰ ਅਤੇ ਦੇਰ ਰਾਤ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਪੈਣੀ ਸ਼ੁਰੂ ਹੋ ਸਕਦੀ ਹੈ। ਅਗਲੇ 24 ਘੰਟਿਆਂ ਤੱਕ ਤਾਪਮਾਨ ਸਥਿਰ ਰਹਿਣ ਤੋਂ ਬਾਅਦ ਪਾਰਾ 3 ਤੋਂ 4 ਡਿਗਰੀ ਤੱਕ ਹੇਠਾਂ ਡਿੱਗੇਗਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਵੇਰ-ਸ਼ਾਮ ਦੀ ਠੰਢ ਵਿੱਚ ਚੋਖਾ ਵਾਧਾ ਹੋਣਾ ਤੈਅ ਹੈ।
Get all latest content delivered to your email a few times a month.