ਤਾਜਾ ਖਬਰਾਂ
ਚੰਡੀਗੜ੍ਹ, 16 ਨਵੰਬਰ-
ਪੰਜਾਬੀ ਸੰਗੀਤ ਦੀ ਧਰਤੀ ‘ਤੇ ਇੱਕ ਵਾਰ ਫਿਰ ਉਸ ਕਲਾਸਿਕ ਧੁਨ ਦੀ ਗੂੰਜ ਸੁਣਾਈ ਦਿੱਤੀ ਹੈ, ਜਿਸਨੇ ਸਾਲਾਂ ਤੋਂ ਲੋਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ ਹੋਈ ਹੈ। ਜੱਸ ਸਟੂਡੀਓਜ਼ ਤੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਕੀਤਾ ਗਿਆ ਨਵਾਂ ਗੀਤ “ਯਾਰ ਬੋਲਦਾ 2” ਜੋ ਲੈਜੈਂਡਰੀ ਸੁਪਰਸਟਾਰ ਸੁਰਜੀਤ ਬਿੰਦਰੱਖੀਆ ਨੂੰ ਸਮਰਪਿਤ ਹੈ। ਅਤੇ ਅੱਜ ਗੀਤ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ।
ਇਹ ਗੀਤ ਉਸੇ ਮਸ਼ਹੂਰ ਧਾਰਾ ਦਾ ਅਗਲਾ ਪੰਨਾ ਹੈ, ਜਿਸਦੇ ਮੂਲ ਬੋਲ ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਸਨ ਤੇ ਸੁਰਜੀਤ ਬਿੰਦਰੱਖੀਆ ਦੀ ਆਵਾਜ਼ ਵਿਚ ਇਤਿਹਾਸ ਬਣ ਚੁੱਕੇ ਹਨ। ਨਵੇਂ ਰੂਪ ਵਿਚ ਇਸਨੂੰ ਗਾਇਕ ਬਿੱਟੂ ਖੰਨੇ ਵਾਲਾ ਨੇ ਗਾਇਆ ਹੈ। ਸੰਗੀਤ ਲਾਲ ਕਮਾਲ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਵੀਡੀਓ ਬੀਕੇਡਬਲਿਊ ਫਿਲਮਜ਼ ਵੱਲੋਂ ਨਿਰਦੇਸ਼ਿਤ ਹੈ।
“ਯਾਰ ਬੋਲਦਾ 2” ਵਿਚ ਪੁਰਾਣੀ ਭਾਵਨਾ ਨੂੰ ਨਵੀਂ ਊਰਜਾ ਤੇ ਆਧੁਨਿਕ ਧੁਨ ਨਾਲ ਜੋੜਿਆ ਗਿਆ ਹੈ। ਇਹ ਗੀਤ ਉਨ੍ਹਾਂ ਸਾਰਿਆਂ ਲਈ ਇੱਕ ਸ਼ਰਧਾਂਜਲੀ ਵੀ ਹੈ ਜੋ ਸੁਰਜੀਤ ਬਿੰਦਰੱਖੀਆ ਦੀ ਆਵਾਜ਼ ਤੇ ਸ਼ਮਸ਼ੇਰ ਸੰਧੂ ਦੇ ਬੋਲਾਂ ਨਾਲ ਵੱਡੇ ਹੋਏ ਹਨ, ਤੇ ਨਵੀਂ ਪੀੜ੍ਹੀ ਲਈ ਉਸ ਧਾਰਾ ਨਾਲ ਜੁੜਨ ਦਾ ਇੱਕ ਮੌਕਾ ਵੀ। ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਭਲਕੇ ਬਰਸੀ ਹੈ । ਇਸ ਗੀਤ ਵਿੱਚ ਉੱਘੇ ਅਦਾਕਾਰ ਦਰਸ਼ਨ ਔਲਖ ਨੇ ਭੂਮਿਕਾ ਨਿਭਾਈ ਹੈ । ਇਸ ਮੌਕੇ ਪ੍ਰਸਿੱਧ ਗਾਇਕ ਬਾਈ ਹਰਦੀਪ ਨੇ ਕਿਹਾ ਕਿ ਇਹ ਗੀਤ ਲੋਕਾਂ ਦੀ ਕਚਹਿਰੀ ਵਿੱਚ ਬਹੁਤ ਮਸ਼ਹੂਰ ਹੋਵੇਗਾ । ਇਸ ਮੌਕੇ ਉੱਘੇ ਸੰਗੀਤ ਨਿਰਦੇਸ਼ਕ ਲਾਲ ਕਮਲ, ਗੀਤਕਾਰ ਭੱਟੀ ਭੜੀਵਾਲਾ, ਹਰੀ ਓਮ ਜਲੋਟਾ, ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਭੁੱਲਰ, ਗੀਤਕਾਰ ਬਿੰਦੀ ਕਲਾਲਮਾਜਰਾ, ਜਸਬੀਰ ਸਿੰਘ ਢਿੱਲੋਂ ਅਤੇ ਹੋਰ ਕਲਾ ਪ੍ਰੇਮੀ ਹਾਜ਼ਰ ਸਨ ।
Get all latest content delivered to your email a few times a month.