ਤਾਜਾ ਖਬਰਾਂ
ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਕੇਂਦਰੀ ਜਾਂਚ ਬਿਊਰੋ (CBI) ਨੇ ਹਰਿਆਣਾ ਦੇ ਪੰਚਕੂਲਾ ਵਿੱਚ ਵੱਡੀ ਕਾਰਵਾਈ ਕਰਦਿਆਂ CGST ਵਿਭਾਗ ਦੇ ਇੱਕ ਸੁਪਰਡੈਂਟ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਧਿਕਾਰੀ ਕੋਲੋਂ ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਕ, ਸੀਬੀਆਈ ਨੇ 19 ਨਵੰਬਰ 2026 ਨੂੰ ਇੱਕ ਨਿੱਜੀ ਫਰਮ ਦੇ ਪਾਰਟਨਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ CGST ਸੁਪਰਡੈਂਟ ਵੱਲੋਂ ਫਰਮ ਖ਼ਿਲਾਫ਼ ਚੱਲ ਰਹੀ GST ਕਾਰਵਾਈ ਵਿੱਚ ਰਾਹਤ ਦੇਣ ਦੇ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ।
ਸ਼ਿਕਾਇਤ ਅਨੁਸਾਰ, ਅਧਿਕਾਰੀ ਨੇ ਫਰਮ ’ਤੇ ਭਾਰੀ ਜੁਰਮਾਨਾ ਨਾ ਲਗਾਉਣ ਅਤੇ ਹੋਰ ਡਿਮਾਂਡ ਨੋਟਿਸ ਜਾਰੀ ਨਾ ਕਰਨ ਬਦਲੇ ਪਹਿਲਾਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ ਵਿੱਚ ਇਹ ਸੌਦਾ 20 ਲੱਖ ਰੁਪਏ ’ਤੇ ਤੈਅ ਹੋਇਆ। ਹਾਲਾਂਕਿ, ਜਾਂਚ ਦੌਰਾਨ ਰਿਸ਼ਵਤ ਦੀ ਮੰਗ ਵਧਾ ਕੇ 25 ਲੱਖ ਰੁਪਏ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ। ਇਸ ਵਿੱਚੋਂ 10 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦੇਣੇ ਤੈਅ ਹੋਏ ਸਨ।
ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਦੋਸ਼ਾਂ ਦੀ ਤਸਦੀਕ ਕੀਤੀ ਅਤੇ ਫਿਰ ਪੰਚਕੂਲਾ ਵਿੱਚ ਕਾਰਵਾਈ ਲਈ ਟੀਮ ਤਾਇਨਾਤ ਕੀਤੀ। 19 ਨਵੰਬਰ ਨੂੰ ਜਿਵੇਂ ਹੀ ਸ਼ਿਕਾਇਤਕਰਤਾ ਨੇ ਅਧਿਕਾਰੀ ਨੂੰ 10 ਲੱਖ ਰੁਪਏ ਸੌਂਪੇ, ਉੱਥੇ ਮੌਜੂਦ ਸੀਬੀਆਈ ਟੀਮ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਅਧਿਕਾਰੀ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸੀਬੀਆਈ ਵੱਲੋਂ ਹੁਣ ਗ੍ਰਿਫ਼ਤਾਰ ਅਧਿਕਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਸਬੰਧਤ ਪਹਿਲੂਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਤਾਂ ਨਹੀਂ ਹੈ।
Get all latest content delivered to your email a few times a month.