ਤਾਜਾ ਖਬਰਾਂ
ਦੋਰਾਹਾ (ਲੁਧਿਆਣਾ): ਖੇਤਾਂ ਵਿੱਚ ਪਰਾਲੀ ਨੂੰ ਲਗਾਈ ਗਈ ਅੱਗ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ ਹੈ। ਖੰਨਾ ਅਧੀਨ ਪੈਂਦੇ ਕਸਬਾ ਦੋਰਾਹਾ ਦੇ ਪਿੰਡ ਜੈਪੁਰਾ ਨੇੜੇ ਪਰਾਲੀ ਦੇ ਸੰਘਣੇ ਧੂੰਏਂ ਕਾਰਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸਦਾ ਪਤੀ ਅਤੇ ਦੂਜੇ ਮੋਟਰਸਾਈਕਲ 'ਤੇ ਸਵਾਰ ਇੱਕ ਹੋਰ ਜੋੜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਾਹਕੋਟ ਦਾ ਵਸਨੀਕ ਨਾਗਿੰਦਰ ਸਿੰਘ ਆਪਣੀ ਪਤਨੀ ਮਨਜੀਤ ਕੌਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਦੂਜੇ ਪਾਸਿਓਂ ਪਾਇਲ ਵਾਸੀ ਜਸਪਾਲ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਬਾਈਕ 'ਤੇ ਆ ਰਿਹਾ ਸੀ। ਜਦੋਂ ਦੋਵੇਂ ਮੋਟਰਸਾਈਕਲ ਪਿੰਡ ਜੈਪੁਰਾ ਕੋਲ ਪਹੁੰਚੇ ਤਾਂ ਨਾਲ ਲੱਗਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਣ ਕਾਰਨ ਸੜਕ 'ਤੇ ਧੂੰਏਂ ਦਾ ਗੁਬਾਰ ਫੈਲਿਆ ਹੋਇਆ ਸੀ।
ਧੂੰਆਂ ਇੰਨਾ ਸੰਘਣਾ ਸੀ ਕਿ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਸਾਹਮਣਿਓਂ ਆ ਰਹੇ ਦੋਵੇਂ ਮੋਟਰਸਾਈਕਲ ਆਪਸ ਵਿੱਚ ਜ਼ੋਰਦਾਰ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਸੰਤੁਲਨ ਵਿਗੜਨ ਕਾਰਨ ਨਾਗਿੰਦਰ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਸਿੱਧਾ ਖੇਤਾਂ ਵਿੱਚ ਬਲ ਰਹੀ ਪਰਾਲੀ ਦੀ ਅੱਗ ਵਿੱਚ ਜਾ ਡਿੱਗੇ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋਵੇਂ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮਨਜੀਤ ਕੌਰ ਨੇ ਦਮ ਤੋੜ ਦਿੱਤਾ, ਜਦਕਿ ਨਾਗਿੰਦਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਬਾਈਕ 'ਤੇ ਸਵਾਰ ਜਸਪਾਲ ਸਿੰਘ ਅਤੇ ਸੁਰਿੰਦਰ ਕੌਰ ਵੀ ਸੜਕ 'ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਹਾਦਸਾ ਖੇਤ ਮਾਲਕ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਦੇ ਧੂੰਏਂ ਕਾਰਨ ਵਾਪਰਿਆ ਪਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਕਿਸਾਨ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.