ਤਾਜਾ ਖਬਰਾਂ
ਸਥਾਨਕ ਸੁਲਤਾਨਵਿੰਡ ਰੋਡ 'ਤੇ ਉਸ ਵੇਲੇ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਬਣ ਗਿਆ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਪੁਲਿਸ ਮੁਲਾਜ਼ਮ ਦੀ ਬੇਕਾਬੂ ਆਲਟੋ ਕਾਰ ਨੇ ਸਕੂਲੋਂ ਛੁੱਟੀ ਕਰਕੇ ਘਰ ਪਰਤ ਰਹੀ 12 ਸਾਲਾ ਮਾਸੂਮ ਬੱਚੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚੀ ਕਾਰ ਦੇ ਹੇਠਾਂ ਬੁਰੀ ਤਰ੍ਹਾਂ ਫਸ ਗਈ, ਜਿਸ ਨੂੰ ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਨੇ ਭਾਰੀ ਜੱਦੋ-ਜਹਿਦ ਮਗਰੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਮੁਲਜ਼ਮ ਪੁਲਿਸ ਮੁਲਾਜ਼ਮ ਦੀ ਪਛਾਣ ਹੌਲਦਾਰ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਅੰਬੇਡਕਰ ਸਮਾਜ ਦਲ ਦੇ ਯੂਥ ਪ੍ਰਧਾਨ ਰਾਹੁਲ ਸੋਰੀ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵੇਲੇ ਹੌਲਦਾਰ ਇਸ ਕਦਰ ਨਸ਼ੇ ਵਿੱਚ ਸੀ ਕਿ ਉਸ ਕੋਲੋਂ ਸਿੱਧਾ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਅੰਦਰੋਂ ਸ਼ਰਾਬ ਦੀ ਬੋਤਲ, ਸਿਗਰਟਾਂ ਅਤੇ ਲਾਈਟਰ ਬਰਾਮਦ ਹੋਇਆ, ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਅੰਬੇਡਕਰ ਸਮਾਜ ਦਲ ਦੇ ਪੰਜਾਬ ਚੇਅਰਮੈਨ ਵਿੱਕੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੁਲਾਜ਼ਮ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਨੌਜਵਾਨਾਂ ਨੇ ਘੇਰਾ ਪਾ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਸੁਲਤਾਨਵਿੰਡ ਚੌਕੀ ਦੀ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਗ਼ੈਰ-ਜ਼ਿੰਮੇਵਾਰ ਮੁਲਾਜ਼ਮਾਂ ਕਾਰਨ ਪੂਰੇ ਪੁਲਿਸ ਵਿਭਾਗ ਦੀ ਸਾਖ਼ ਨੂੰ ਢਾਹ ਲੱਗਦੀ ਹੈ।
ਦੂਜੇ ਪਾਸੇ, ਜ਼ਖ਼ਮੀ ਬੱਚੀ ਦੀ ਸਾਂਭ-ਸੰਭਾਲ ਕਰ ਰਹੀ ਉਸ ਦੀ ਭੂਆ ਪ੍ਰੀਤੀ ਨੇ ਰੋਂਦਿਆਂ ਦੱਸਿਆ ਕਿ ਬੱਚੀ ਦੇ ਸਿਰ ਤੋਂ ਪਹਿਲਾਂ ਹੀ ਮਾਤਾ-ਪਿਤਾ ਅਤੇ ਦਾਦਾ-ਦਾਦੀ ਦਾ ਸਾਇਆ ਉੱਠ ਚੁੱਕਾ ਹੈ। ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਇਸ ਗ਼ਰੀਬ ਪਰਿਵਾਰ ਦੇ ਕਈ ਮੈਂਬਰ ਦਿਵਿਆਂਗ ਹਨ, ਜਿਸ ਕਾਰਨ ਉਹ ਇਲਾਜ ਦਾ ਖ਼ਰਚਾ ਚੁੱਕਣ ਤੋਂ ਅਸਮਰੱਥ ਹਨ। ਪਰਿਵਾਰ ਅਤੇ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚੀ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇ ਅਤੇ ਦੋਸ਼ੀ ਹੌਲਦਾਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਜ਼ਬਤ ਕਰ ਲਿਆ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ, ਨਸ਼ੇ ਦੀ ਪੁਸ਼ਟੀ ਕਰਨ ਲਈ ਹੌਲਦਾਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਜ਼ਖ਼ਮੀ ਬੱਚੀ ਦੀ ਹਾਲਤ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਮੈਡੀਕਲ ਰਿਪੋਰਟ ਅਤੇ ਤੱਥਾਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਵਿਭਾਗੀ ਐਕਸ਼ਨ ਲਿਆ ਜਾਵੇਗਾ। ਫ਼ਿਲਹਾਲ ਇਲਾਕਾ ਨਿਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਅਤੇ ਸਭ ਦੀਆਂ ਨਜ਼ਰਾਂ ਪੁਲਿਸ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।
Get all latest content delivered to your email a few times a month.