IMG-LOGO
ਹੋਮ ਅੰਤਰਰਾਸ਼ਟਰੀ: ਗੈਂਗਸਟਰ ਗੋਲਡੀ ਬਰਾੜ ’ਤੇ ਕੱਸਿਆ ਸ਼ਿਕੰਜਾ : ਐਫ.ਬੀ.ਆਈ. ਅਤੇ ਕੈਨੇਡੀਅਨ...

ਗੈਂਗਸਟਰ ਗੋਲਡੀ ਬਰਾੜ ’ਤੇ ਕੱਸਿਆ ਸ਼ਿਕੰਜਾ : ਐਫ.ਬੀ.ਆਈ. ਅਤੇ ਕੈਨੇਡੀਅਨ ਏਜੰਸੀਆਂ ਵੱਲੋਂ ਭਾਲ ਤੇਜ਼, ਕਰੋੜਾਂ ਦਾ ਇਨਾਮ ਐਲਾਨਿਆ

Admin User - Nov 21, 2026 10:50 AM
IMG

ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਅਤੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਨਾਮੀ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵਿਰੁੱਧ ਘੇਰਾ ਤੰਗ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਨੇ ਉਸ ਨੂੰ ਆਪਣੀਆਂ ਸਭ ਤੋਂ ਲੋੜੀਂਦੇ (ਮੋਸਟ ਵਾਂਟੇਡ) ਅਪਰਾਧੀਆਂ ਦੀਆਂ ਸੂਚੀਆਂ ਵਿੱਚ ਸ਼ਾਮਲ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਲਈ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।


ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਨੇ 28 ਸਤੰਬਰ, 2026 ਨੂੰ ਗੋਲਡੀ ਬਰਾੜ ਨੂੰ ਆਪਣੀ 'ਟੌਪ 10 ਮੋਸਟ ਵਾਂਟੇਡ ਭਗੌੜਿਆਂ' ਦੀ ਸੂਚੀ ਵਿੱਚ 543ਵੇਂ ਅਪਰਾਧੀ ਵਜੋਂ ਸ਼ਾਮਲ ਕੀਤਾ ਹੈ। ਏਜੰਸੀ ਨੇ ਉਸ ਦੀ ਸੂਚਨਾ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ (ਲਗਭਗ 9.26 ਕਰੋੜ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਐਫ.ਬੀ.ਆਈ. ਅਨੁਸਾਰ, ਬਰਾੜ ਉੱਤਰੀ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਸਿੰਡੀਕੇਟ ਦਾ ਮੁੱਖ ਸੰਚਾਲਕ ਹੈ ਅਤੇ ਉਸ ਨੂੰ 'ਬਹੁਤ ਖਤਰਨਾਕ ਤੇ ਹਥਿਆਰਬੰਦ' ਐਲਾਨਿਆ ਗਿਆ ਹੈ।


ਅਮਰੀਕੀ ਸੰਘੀ ਅਦਾਲਤ ਵਿੱਚ ਉਸ ਵਿਰੁੱਧ ਅਪਰਾਧਿਕ ਸਿੰਡੀਕੇਟ ਚਲਾਉਣ, ਜਬਰੀ ਵਸੂਲੀ ਅਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਜੁਲਾਈ, 2026 ਨੂੰ 'ਆਪ੍ਰੇਸ਼ਨ ਹਾਰਡਬਾਲ' ਤਹਿਤ ਬਿਸ਼ਨੋਈ ਅਤੇ ਬਰਾੜ ਗੈਂਗ ਨਾਲ ਸਬੰਧਤ 37 ਸ਼ੱਕੀਆਂ ਵਿਰੁੱਧ ਵੀ ਮਾਮਲੇ ਦਰਜ ਕੀਤੇ ਗਏ ਸਨ।


ਦੂਜੇ ਪਾਸੇ, ਕੈਨੇਡਾ ਦੇ 'ਬੋਲੋ ਪ੍ਰੋਗਰਾਮ' ਵੱਲੋਂ 19 ਨਵੰਬਰ ਨੂੰ ਜਾਰੀ ਕੀਤੀ ਗਈ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਤਾਜ਼ਾ ਸੂਚੀ ਵਿੱਚ ਗੋਲਡੀ ਬਰਾੜ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਵਿਨੀਪੈਗ ਪੁਲਿਸ ਵਿਭਾਗ ਨੇ ਕੈਨੇਡਾ ਜਾਂ ਅਮਰੀਕਾ ਵਿੱਚ ਉਸ ਦੀ ਗ੍ਰਿਫ਼ਤਾਰੀ ਕਰਵਾਉਣ ਵਾਲੇ ਲਈ 2,50,000 ਕੈਨੇਡੀਅਨ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਮਿਆਦ 2 ਨਵੰਬਰ, 2027 ਤੱਕ ਰੱਖੀ ਗਈ ਹੈ।


ਕੈਨੇਡੀਅਨ ਪੁਲਿਸ ਨੂੰ 20 ਸਤੰਬਰ, 2023 ਨੂੰ ਵਿਨੀਪੈਗ ਦੇ ਹੇਜ਼ਲਟਨ ਡਰਾਈਵ ਵਿਖੇ ਹੋਏ 39 ਸਾਲਾ ਸੁਖਦੁਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦੇ ਕਤਲ ਮਾਮਲੇ ਵਿੱਚ ਬਰਾੜ ਦੀ ਭਾਲ ਹੈ। ਇਸ ਸਬੰਧੀ 23 ਫਰਵਰੀ, 2026 ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਵਿਰੁੱਧ ਫਰਸਟ ਡਿਗਰੀ ਕਤਲ ਦੀ ਸਾਜ਼ਿਸ਼ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ।


ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਸਤੰਬਰ 2025 ਵਿੱਚ ਹੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ, ਕਿਉਂਕਿ ਇਸ ਗਿਰੋਹ 'ਤੇ ਭਾਰਤੀ ਮੂਲ ਦੇ ਲੋਕਾਂ ਅਤੇ ਹੋਰ ਭਾਈਚਾਰਿਆਂ ਵਿੱਚ ਦਹਿਸ਼ਤ ਫੈਲਾਉਣ ਅਤੇ ਫਿਰੌਤੀ ਮੰਗਣ ਦੇ ਦੋਸ਼ ਹਨ। ਭਾਰਤ ਵਿੱਚ ਵੀ ਕਈ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਗੋਲਡੀ ਬਰਾੜ ਲਈ ਹੁਣ ਉੱਤਰੀ ਅਮਰੀਕਾ ਵਿੱਚ ਵੀ ਲੁਕਣ ਦੇ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਸਾਂਝੇ ਤੌਰ 'ਤੇ ਉਸ ਦੀ ਪੈੜ ਨੱਪ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.