ਤਾਜਾ ਖਬਰਾਂ
ਕੋਟਾ : ਰਾਜਸਥਾਨ ਦੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ 'ਤੇ ਸ਼ਨੀਵਾਰ ਦੇਰ ਰਾਤ ਵਾਪਰੇ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਨੇ ਮਹਾਰਾਸ਼ਟਰ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਨਾਤਾ ਥਾਣਾ ਖੇਤਰ ਦੇ ਪਿੰਡ ਸ਼ੰਭੂਪੁਰਾ ਨੇੜੇ ਤੇਜ਼ ਰਫ਼ਤਾਰ ਕਰੂਜ਼ਰ ਗੱਡੀ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਇਸ ਭਿਆਨਕ ਟੱਕਰ ਵਿੱਚ ਬੱਚਿਆਂ ਸਮੇਤ 9 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਸਮੇਤ 8 ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਿਸ ਸੂਤਰਾਂ ਅਨੁਸਾਰ, ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ। ਮਹਾਰਾਸ਼ਟਰ ਦੇ ਰਹਿਣ ਵਾਲੇ 36 ਰਿਸ਼ਤੇਦਾਰ ਤਿੰਨ ਵੱਖ-ਵੱਖ ਵਾਹਨਾਂ ਵਿੱਚ ਸਵਾਰ ਹੋ ਕੇ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸ ਆਪਣੇ ਘਰ ਪਰਤ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਕਰੂਜ਼ਰ ਗੱਡੀ ਵਿੱਚ ਪਰਿਵਾਰ ਦੇ 16 ਮੈਂਬਰ ਸਵਾਰ ਸਨ। ਸਿਟੀ ਐਸ.ਪੀ. ਤੇਜਸਵਨੀ ਗੌਤਮ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਰੂਜ਼ਰ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਖੜ੍ਹੇ ਟਰੱਕ ਵਿੱਚ ਜਾ ਵੱਜੀ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਤੁਰੰਤ ਨਿਊ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ।
ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਬਾਬੂਲਾਲ (60), ਸੁਸ਼ੀਲਾ (55), ਕੈਲਾਸ਼ (45), ਝਾਨਵੀ (13), ਊਸ਼ਾ ਬਾਈ, ਸਾਨਵੀ, ਸੱਜਣ, ਅਨੀਤਾ ਅਤੇ ਮਾਧਵੀ ਵਜੋਂ ਹੋਈ ਹੈ। ਦੂਜੇ ਪਾਸੇ, ਜ਼ਖਮੀਆਂ ਵਿੱਚ ਸ਼ਰਦ ਪਵਾਰ (46), ਮਨੀਸ਼ਾ ਪਵਾਰ (45), ਗਣੇਸ਼ ਪਵਾਰ (30), ਮਯੂਰੀ ਪਵਾਰ (20), ਜਗਦੀਸ਼ (10), ਤਿੰਨ ਸਾਲਾ ਮਾਸੂਮ ਸ਼੍ਰੀਜੀਤ, ਟਰੱਕ ਡਰਾਈਵਰ ਹਾਰੂਨ (43) ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਖੰਡਵਾ ਦੇ ਰਹਿਣ ਵਾਲੇ ਟਰੱਕ ਡਰਾਈਵਰ ਹਾਰੂਨ ਨੇ ਹਾਦਸੇ ਦੀ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਉਸ ਨੇ ਆਪਣਾ ਟਰੱਕ ਸੜਕ ਕਿਨਾਰੇ ਰੋਕਿਆ ਸੀ ਅਤੇ ਉਹ ਹੇਠਾਂ ਉਤਰ ਕੇ ਟਰੱਕ ਦੀ ਜਾਂਚ ਕਰ ਰਿਹਾ ਸੀ। ਇਸੇ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਕਰੂਜ਼ਰ ਨੇ ਪਹਿਲਾਂ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਫਿਰ ਟਰੱਕ ਵਿੱਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਹਾਰੂਨ ਉੱਛਲ ਕੇ ਕਰੀਬ 20 ਫੁੱਟ ਦੂਰ ਜਾ ਡਿੱਗਿਆ। ਸਿਰ ਅਤੇ ਗੋਡੇ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ, ਪਰ ਕਰੀਬ 10 ਮਿੰਟ ਬਾਅਦ ਹੋਸ਼ ਆਉਣ 'ਤੇ ਉਸ ਨੇ ਹਿੰਮਤ ਦਿਖਾਉਂਦਿਆਂ ਖ਼ੁਦ ਪੁਲਿਸ ਅਤੇ ਐਂਬੂਲੈਂਸ ਨੂੰ ਫ਼ੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ।
Get all latest content delivered to your email a few times a month.