ਤਾਜਾ ਖਬਰਾਂ
ਹੈਮਿਲਟਨ (ਕੈਨੇਡਾ): ਕੈਨੇਡਾ ਦੀ ਧਰਤੀ 'ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚਾਲੇ ਚੱਲ ਰਹੀ ਸੱਤਾ ਦੀ ਲੜਾਈ ਹੁਣ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਕਿਚਨਰ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ 22 ਨਵੰਬਰ ਨੂੰ ਹੈਮਿਲਟਨ ਸਥਿਤ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿਖੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਹੱਥੋਪਾਈ ਹੋ ਗਈ। ਇਸ ਟਕਰਾਅ ਦੌਰਾਨ ਨਾ ਸਿਰਫ਼ ਥੱਪੜ ਤੇ ਧੱਕਾ-ਮੁੱਕੀ ਚੱਲੀ, ਸਗੋਂ ਗੁਰੂ ਘਰ ਦੀ ਹਦੂਦ ਅੰਦਰ ਜੁੱਤੀਆਂ ਦੀ ਵਰਤੋਂ ਕਰਦਿਆਂ ਸਿੱਖੀ ਦੀ ਸ਼ਾਨ ਸਮਝੀਆਂ ਜਾਂਦੀਆਂ ਦਸਤਾਰਾਂ ਵੀ ਉਤਾਰ ਦਿੱਤੀਆਂ ਗਈਆਂ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਝੜਪ ਦੀ ਵੀਡੀਓ ਨੇ ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਵਿਅਕਤੀ ਮਰਿਆਦਾ ਨੂੰ ਛਿੱਕੇ ਟੰਗ ਕੇ ਇੱਕ-ਦੂਜੇ ਦੇ ਗਲੇ ਫੜ ਰਹੇ ਹਨ ਅਤੇ ਸ਼ਰੇਆਮ ਕੁੱਟਮਾਰ ਕਰ ਰਹੇ ਹਨ।
ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਬਾਬਾ ਤਜਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਸਾਰੀ ਸੰਗਤ ਆਪਸੀ ਸਹਿਯੋਗ ਨਾਲ ਸੇਵਾ ਨਿਭਾਉਂਦੀ ਸੀ, ਪਰ ਹੁਣ ਅੰਦਰੂਨੀ ਧੜੇਬੰਦੀ ਇੰਨੀ ਭਾਰੂ ਹੋ ਗਈ ਹੈ ਕਿ ਗੱਲ ਹਿੰਸਾ ਤੱਕ ਜਾ ਪਹੁੰਚੀ ਹੈ। ਉਨ੍ਹਾਂ ਮੁਤਾਬਕ, ਹਾਲਾਤ ਇੰਨੇ ਬੇਕਾਬੂ ਹੋ ਗਏ ਸਨ ਕਿ ਗੁਰੂ ਘਰ ਦੇ ਅੰਦਰ ਹੀ ਜੁੱਤੀਆਂ ਨੂੰ ਹਥਿਆਰ ਬਣਾ ਕੇ ਇੱਕ-ਦੂਜੇ 'ਤੇ ਵਾਰ ਕੀਤੇ ਗਏ, ਜੋ ਕਿ ਬੇਹੱਦ ਨਿੰਦਣਯੋਗ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ, ਇਸ ਸਮੁੱਚੇ ਕਲੇਸ਼ ਪਿੱਛੇ ਕੋਈ ਧਾਰਮਿਕ ਮੁੱਦਾ ਨਹੀਂ, ਸਗੋਂ ਕਮੇਟੀ 'ਤੇ ਆਪਣਾ ਦਬਦਬਾ ਕਾਇਮ ਕਰਨ ਦੀ ਲਾਲਸਾ ਅਤੇ 'ਗੋਲਕ' ਦੇ ਫੰਡਾਂ 'ਤੇ ਕਾਬਜ਼ ਹੋਣ ਦੀ ਖਿੱਚੋਤਾਣ ਕੰਮ ਕਰ ਰਹੀ ਹੈ। ਪ੍ਰਧਾਨਗੀ ਅਤੇ ਪ੍ਰਬੰਧਕੀ ਤਾਕਤ ਹਥਿਆਉਣ ਦੀ ਇਸ ਦੌੜ ਨੇ ਧਾਰਮਿਕ ਅਸਥਾਨਾਂ ਦੇ ਸ਼ਾਂਤਮਈ ਮਾਹੌਲ ਨੂੰ ਪੂਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ।
ਇਸ ਘਟਨਾ ਨੂੰ ਲੈ ਕੇ ਕੈਨੇਡਾ ਵਸਦੇ ਸਿੱਖ ਅਤੇ ਭਾਰਤੀ ਭਾਈਚਾਰੇ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਸੰਗਤ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਹੁੰਦੇ ਹੰਗਾਮਿਆਂ ਜਾਂ ਅਨੁਸ਼ਾਸਨਹੀਣਤਾ ਦਾ ਠੀਕਰਾ ਨਵੇਂ ਆਏ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਸਿਰ ਭੰਨ ਦਿੱਤਾ ਜਾਂਦਾ ਹੈ, ਪਰ ਹੈਮਿਲਟਨ ਦੀ ਇਸ ਘਟਨਾ ਨੇ ਸਭ ਦੇ ਮੂੰਹ ਬੰਦ ਕਰ ਦਿੱਤੇ ਹਨ। ਇਸ ਵਾਰ ਗੁਰੂ ਘਰ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕੋਈ ਨੌਜਵਾਨ ਨਹੀਂ, ਸਗੋਂ ਕਮੇਟੀ ਦੇ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਬਜ਼ੁਰਗ ਅਤੇ ਅਖੌਤੀ ਆਗੂ ਖੁਦ ਸਨ। ਸੰਗਤ ਨੇ ਮੰਗ ਕੀਤੀ ਹੈ ਕਿ ਅਜਿਹੇ ਹੁੱਲੜਬਾਜ਼ ਪ੍ਰਬੰਧਕਾਂ ਨੂੰ ਤੁਰੰਤ ਅਹੁਦਿਆਂ ਤੋਂ ਲਾਂਭੇ ਕਰਕੇ ਗੁਰੂ ਘਰਾਂ ਦਾ ਪ੍ਰਬੰਧ ਨਿਰਪੱਖ ਅਤੇ ਗੁਰਮਤਿ ਨੂੰ ਸਮਰਪਿਤ ਹੱਥਾਂ ਵਿੱਚ ਸੌਂਪਿਆ ਜਾਵੇ।
Get all latest content delivered to your email a few times a month.