ਤਾਜਾ ਖਬਰਾਂ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਚੱਲ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਹੈ। ਮੋਹਾਲੀ ਦੀ ਅਦਾਲਤ ਨੇ ਉਨ੍ਹਾਂ ਨੂੰ 18 ਦਸੰਬਰ 2026 ਤੋਂ 6 ਜਨਵਰੀ 2027 ਤੱਕ ਵਿਦੇਸ਼ ਦੌਰੇ ’ਤੇ ਜਾਣ ਦੀ ਮਨਜ਼ੂਰੀ ਦਿੰਦਿਆਂ 8 ਸ਼ਰਤਾਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ 30 ਲੱਖ ਰੁਪਏ ਦੀ ਬੈਂਕ ਗਰੰਟੀ ਦੇਣ ਅਤੇ 6 ਜਨਵਰੀ ਤੱਕ ਭਾਰਤ ਵਾਪਸ ਪਰਤਣ ਦੀ ਸ਼ਰਤ ਵੀ ਸ਼ਾਮਲ ਹੈ।
ਮਜੀਠੀਆ ਵੱਲੋਂ ਆਪਣੀ ਵਿਦੇਸ਼ ਯਾਤਰਾ ਦਾ ਪੂਰਾ ਪ੍ਰੋਗਰਾਮ ਜਨਤਕ ਕਰਨ ਦੀ ਬਜਾਏ ਅਦਾਲਤ ਅਤੇ ਜਾਂਚ ਅਧਿਕਾਰੀ ਨੂੰ ਸੀਲਬੰਦ ਲਿਫਾਫੇ ਵਿੱਚ ਦਿੱਤਾ ਗਿਆ। ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ ਅਤੇ ਸਰਹੱਦ ਪਾਰ ਅੱਤਵਾਦੀ ਸੰਗਠਨਾਂ ਤੇ ਗੈਂਗਸਟਰਾਂ ਵੱਲੋਂ ਖ਼ਤਰਾ ਹੋਣ ਕਾਰਨ ਯਾਤਰਾ ਸਬੰਧੀ ਵੇਰਵੇ ਗੁਪਤ ਰੱਖਣੇ ਜ਼ਰੂਰੀ ਹਨ।
ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੀ ਪਟੀਸ਼ਨ ਦਾ ਵਿਰੋਧ ਕੀਤਾ ਗਿਆ। ਸਰਕਾਰੀ ਪੱਖ ਨੇ ਕਿਹਾ ਕਿ ਸੀਲਬੰਦ ਲਿਫਾਫੇ ਵਿੱਚ ਦਿੱਤੀ ਜਾਣਕਾਰੀ ਪੂਰੀ ਨਹੀਂ ਸੀ ਅਤੇ ਇਸ ਵਿੱਚ ਸਿਰਫ਼ ਸੰਭਾਵਿਤ ਯਾਤਰਾ ਦੀਆਂ ਤਰੀਕਾਂ ਦਰਜ ਸਨ। ਉਡਾਣਾਂ, ਮੰਜ਼ਿਲ ਵਾਲੇ ਸ਼ਹਿਰ ਅਤੇ ਰਿਹਾਇਸ਼ ਬਾਰੇ ਹੋਰ ਵੇਰਵਿਆਂ ਦੀ ਲੋੜ ਦੱਸੀ ਗਈ।
ਦੂਜੇ ਪਾਸੇ ਅਦਾਲਤ ਨੇ ਨੋਟ ਕੀਤਾ ਕਿ ਮਜੀਠੀਆ ਖ਼ਿਲਾਫ਼ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ 22 ਅਗਸਤ 2025 ਨੂੰ ਚਾਰਜਸ਼ੀਟ ਵੀ ਦਾਇਰ ਕੀਤੀ ਜਾ ਚੁੱਕੀ ਹੈ। ਹੁਣ ਸਹਿ-ਮੁਲਜ਼ਮਾਂ ਸਬੰਧੀ ਪੂਰਕ ਚਾਰਜਸ਼ੀਟ ਦੀ ਕਾਰਵਾਈ ਬਾਕੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ਼ ਮੁਕੱਦਮਾ ਲੰਬਿਤ ਹੋਣ ਦੇ ਆਧਾਰ ’ਤੇ ਕਿਸੇ ਵਿਅਕਤੀ ਨੂੰ ਵਿਦੇਸ਼ ਜਾਣ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
ਬਿਕਰਮ ਮਜੀਠੀਆ ਨੇ 16 ਨਵੰਬਰ ਨੂੰ ਮੋਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ 18 ਦਸੰਬਰ ਤੋਂ 6 ਜਨਵਰੀ ਤੱਕ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। 18 ਅਤੇ 19 ਨਵੰਬਰ ਨੂੰ ਅਦਾਲਤ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਤੋਂ ਜਵਾਬ ਤਲਬ ਕੀਤਾ। ਇਸ ਤੋਂ ਬਾਅਦ 21 ਨਵੰਬਰ ਨੂੰ ਵਿਜੀਲੈਂਸ ਨੇ ਯਾਤਰਾ ਦੇ ਵੇਰਵੇ ਅਧੂਰੇ ਹੋਣ ਦਾ ਮੁੱਦਾ ਚੁੱਕਿਆ, ਜਿਸ ਕਾਰਨ ਮਾਮਲੇ ਦੀ ਸੁਣਵਾਈ ਅੱਗੇ ਪਈ।
ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਗਈ ਹੈ। ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਉਹ ਹੇਠਲੀ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਜਾਰੀ ਲੁੱਕਆਊਟ ਸਰਕੂਲਰ ’ਤੇ ਵੀ ਰੋਕ ਲਗਾਈ ਗਈ ਸੀ। ਹੁਣ ਅਦਾਲਤ ਦੀ ਮਨਜ਼ੂਰੀ ਅਤੇ ਨਿਰਧਾਰਤ ਸ਼ਰਤਾਂ ਦੀ ਪਾਲਣਾ ਤੋਂ ਬਾਅਦ ਹੀ ਉਨ੍ਹਾਂ ਦਾ ਵਿਦੇਸ਼ ਦੌਰਾ ਸੰਭਵ ਹੋ ਸਕੇਗਾ।
Get all latest content delivered to your email a few times a month.