ਤਾਜਾ ਖਬਰਾਂ
ਰਾਜਧਾਨੀ ਦੇ ਪੂਰਬੀ ਇਲਾਕੇ ਪ੍ਰੀਤ ਵਿਹਾਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਚੱਲੀ ਇੱਕ ਪਾਰਟੀ ਦੌਰਾਨ 22 ਸਾਲਾ ਮੁਟਿਆਰ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਇਸ ਵਾਰਦਾਤ ਨੇ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ 'ਤੇ ਮੁੜ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਹੁਣ ਤੱਕ ਦੋ ਔਰਤਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਦੀ ਮੁੱਢਲੀ ਤਫ਼ਤੀਸ਼ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੀੜਤਾ ਕੜਕੜਡੂਮਾ ਸਥਿਤ 'ਕ੍ਰਾਸ ਰਿਵਰ ਮਾਲ' ਦੇ ਇੱਕ ਕੈਫੇ ਵਿੱਚ ਨੌਕਰੀ ਕਰਦੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕ ਉਸ ਦੇ ਜਾਣਕਾਰ ਹਨ, ਜਿਨ੍ਹਾਂ ਵਿੱਚੋਂ ਕੁਝ ਉਸ ਦੇ ਸਹਿ-ਕਰਮੀ ਵੀ ਹਨ। ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਕਰੀਬ 11:30 ਵਜੇ ਪ੍ਰੀਤ ਵਿਹਾਰ ਦਾ 'ਸਲਤਨਤ' (Saltanat) ਕੈਫੇ ਆਮ ਵਾਂਗ ਬੰਦ ਹੋ ਚੁੱਕਾ ਸੀ। ਪਰ ਪੀੜਤਾ ਸਮੇਤ ਸੱਤ ਜਾਣਕਾਰਾਂ ਦਾ ਇੱਕ ਗਰੁੱਪ ਉੱਥੇ ਪਹੁੰਚਿਆ। ਸਮੂਹ ਦੇ ਇੱਕ ਮੈਂਬਰ ਕੋਲ ਕੈਫੇ ਦੀ ਚਾਬੀ ਮੌਜੂਦ ਸੀ, ਜਿਸ ਦੀ ਮਦਦ ਨਾਲ ਉਨ੍ਹਾਂ ਨੇ ਤਾਲਾ ਖੋਲ੍ਹਿਆ ਅਤੇ ਅੰਦਰ ਦੇਰ ਰਾਤ ਤੱਕ ਸ਼ਰਾਬ ਦੀ ਪਾਰਟੀ ਕੀਤੀ।
ਪਾਰਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਦੋ ਵਿਅਕਤੀਆਂ ਨੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਇਲਜ਼ਾਮ ਇਹ ਵੀ ਹੈ ਕਿ ਕੈਫੇ ਵਿੱਚ ਮੌਜੂਦ ਬਾਕੀ ਲੋਕਾਂ ਨੇ ਪੀੜਤਾ ਨੂੰ ਬਚਾਉਣ ਦੀ ਬਜਾਏ ਮੁਲਜ਼ਮਾਂ ਦਾ ਪੂਰਾ ਸਾਥ ਦਿੱਤਾ। ਤੜਕੇ ਕਰੀਬ 3:30 ਵਜੇ ਜਦੋਂ ਇਹ ਸਾਰੇ ਕੈਫੇ ਤੋਂ ਬਾਹਰ ਨਿਕਲੇ, ਤਾਂ ਪੀੜਤਾ ਨੇ ਹਿੰਮਤ ਜੁਟਾ ਕੇ ਸਿੱਧਾ ਪੁਲਿਸ ਕੋਲ ਪਹੁੰਚ ਕੀਤੀ ਅਤੇ ਆਪਣੀ ਹੱਡਬੀਤੀ ਸੁਣਾਈ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਸਮੂਹਿਕ ਜਬਰ-ਜਨਾਹ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਵਿੱਢ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ (ਇੱਕ ਪੁਰਸ਼ ਅਤੇ ਦੋ ਔਰਤਾਂ) ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਾਰਟੀ ਦੌਰਾਨ ਵਾਪਰੇ ਪੂਰੇ ਘਟਨਾਕ੍ਰਮ ਅਤੇ ਹਰ ਸ਼ਖ਼ਸ ਦੀ ਭੂਮਿਕਾ ਨੂੰ ਸਪੱਸ਼ਟ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਫ਼ਰਾਰ ਚੱਲ ਰਹੇ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।
Get all latest content delivered to your email a few times a month.