ਤਾਜਾ ਖਬਰਾਂ
ਸੈਨ ਜੁਆਨ : ਦੁਨੀਆ ਦੇ ਸਭ ਤੋਂ ਵੱਕਾਰੀ ਸੁੰਦਰਤਾ ਮੁਕਾਬਲੇ 'ਮਿਸ ਯੂਨੀਵਰਸ' ਦੇ 75ਵੇਂ ਐਡੀਸ਼ਨ ਦਾ ਤਾਜ ਇਸ ਵਾਰ ਮੇਜ਼ਬਾਨ ਦੇਸ਼ ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਦੇ ਸਿਰ ਸਜਿਆ ਹੈ। ਸੈਨ ਜੁਆਨ ਸਥਿਤ ਜੋਸ ਮਿਗੁਏਲ ਐਗਰੀਲੋਟ ਕੋਲੀਜ਼ੀਅਮ ਵਿੱਚ ਹੋਏ ਸ਼ਾਨਦਾਰ ਗ੍ਰੈਂਡ ਫਿਨਾਲੇ ਦੌਰਾਨ ਸਾਬਕਾ ਮਿਸ ਯੂਨੀਵਰਸ, ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਜੈਨੀਫਰ ਨੂੰ ਇਹ ਵੱਕਾਰੀ ਤਾਜ ਪਹਿਨਾਇਆ। ਇਸ ਮੁਕਾਬਲੇ ਵਿੱਚ ਡੋਮਿਨਿਕਨ ਰੀਪਬਲਿਕ ਦੀ ਸੁੰਦਰੀ ਫਸਟ ਰਨਰ-ਅੱਪ (ਦੂਜੇ ਸਥਾਨ) ਅਤੇ ਵੈਨੇਜ਼ੁਏਲਾ ਦੀ ਪ੍ਰਤੀਯੋਗੀ ਸੈਕਿੰਡ ਰਨਰ-ਅੱਪ (ਤੀਜੇ ਸਥਾਨ) ਰਹੀ।
ਭਾਰਤ ਵੱਲੋਂ ਨੁਮਾਇੰਦਗੀ ਕਰ ਰਹੀ ਕਾਜ਼ੀਆ ਲਿਜ਼ ਮੇਜ਼ੋ ਨੇ ਆਪਣੇ ਆਤਮ-ਵਿਸ਼ਵਾਸ ਨਾਲ ਸਭ ਦਾ ਦਿਲ ਤਾਂ ਜਿੱਤਿਆ, ਪਰ ਉਹ ਤਾਜ ਦੀ ਦੌੜ ਵਿੱਚੋਂ ਬਾਹਰ ਹੋ ਗਈ। ਕਾਜ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੌਪ-30 ਵਿੱਚ ਆਪਣੀ ਥਾਂ ਪੱਕੀ ਕੀਤੀ ਸੀ, ਪਰ ਉਹ ਟੌਪ-12 ਦੇ ਅਗਲੇ ਪੜਾਅ ਵਿੱਚ ਪਹੁੰਚਣ ਤੋਂ ਖੁੰਝ ਗਈ।
ਨਵੀਂ ਬਣੀ ਮਿਸ ਯੂਨੀਵਰਸ ਜੈਨੀਫਰ ਬੈਰੇਟੋ ਸਿਰਫ਼ ਗਲੈਮਰ ਦੀ ਦੁਨੀਆ ਤੱਕ ਸੀਮਤ ਨਹੀਂ ਹੈ, ਸਗੋਂ ਉਹ ਇੱਕ ਉੱਚ-ਸਿੱਖਿਅਤ ਪੇਸ਼ੇਵਰ ਵੀ ਹੈ। ਉਸ ਕੋਲ ਰਿਸਰਚ ਸਾਈਕੋਲੋਜੀ (ਖੋਜ ਮਨੋਵਿਗਿਆਨ) ਵਿੱਚ ਬੈਚਲਰ ਡਿਗਰੀ ਤੋਂ ਇਲਾਵਾ ਮਨੋਵਿਗਿਆਨ ਅਤੇ ਕਲੀਨਿਕਲ ਸੋਸ਼ਲ ਵਰਕ ਵਿੱਚ ਦੋ ਮਾਸਟਰ ਡਿਗਰੀਆਂ ਹਨ। ਸਾਲ 2021 ਵਿੱਚ ਉਸਨੇ ਟੈਕਸਾਸ ਦੇ ਫੋਰਟ ਹੁੱਡ ਵਿਖੇ ਅਮਰੀਕੀ ਰੱਖਿਆ ਵਿਭਾਗ ਨਾਲ ਜੁੜ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਸਨੇ 'ਫੈਮਿਲੀ ਐਡਵੋਕੇਸੀ ਪ੍ਰੋਗਰਾਮ' ਤਹਿਤ ਘਰੇਲੂ ਹਿੰਸਾ ਅਤੇ ਬਾਲ ਸ਼ੋਸ਼ਣ ਤੋਂ ਪੀੜਤ ਫੌਜੀ ਪਰਿਵਾਰਾਂ ਦੀ ਮਦਦ ਕੀਤੀ ਅਤੇ ਕਾਰਲ ਆਰ. ਡਾਰਨਲ ਆਰਮੀ ਮੈਡੀਕਲ ਸੈਂਟਰ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
ਮਿਸ ਯੂਨੀਵਰਸ ਮੁਕਾਬਲੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਸਮਾਗਮ ਵਿੱਚ 116 ਦੇਸ਼ਾਂ ਦੀਆਂ ਸੁੰਦਰੀਆਂ ਨੇ ਨੈਸ਼ਨਲ ਕਾਸਟਿਊਮ (ਰਾਸ਼ਟਰੀ ਪਹਿਰਾਵੇ) ਅਤੇ ਹੋਰ ਵੱਖ-ਵੱਖ ਦੌਰਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਹਾਲਾਂਕਿ, ਇਸ ਸਾਲ ਦਾ ਆਯੋਜਨ ਕਈ ਵਿਵਾਦਾਂ ਵਿੱਚ ਵੀ ਘਿਰਿਆ ਰਿਹਾ। ਕੁਝ ਪ੍ਰਤੀਯੋਗੀਆਂ ਵੱਲੋਂ ਮੁਕਾਬਲਾ ਵਿਚਾਲੇ ਛੱਡਣ, ਫ੍ਰੈਂਚਾਇਜ਼ੀ ਅਧਿਕਾਰਾਂ ਦੇ ਰੌਲੇ ਅਤੇ ਪ੍ਰਬੰਧਕੀ ਖਾਮੀਆਂ ਕਾਰਨ ਮਿਸ ਯੂਨੀਵਰਸ ਸੰਗਠਨ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਕਾਜ਼ੀਆ ਲਿਜ਼ ਮੇਜ਼ੋ ਦੇ ਬਾਹਰ ਹੋਣ ਨਾਲ ਭਾਰਤ ਦਾ ਮਿਸ ਯੂਨੀਵਰਸ ਤਾਜ ਜਿੱਤਣ ਦਾ ਇੰਤਜ਼ਾਰ ਲਗਾਤਾਰ ਪੰਜਵੇਂ ਸਾਲ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਸਿਰਫ਼ ਤਿੰਨ ਵਾਰ ਹੀ ਇਹ ਖਿਤਾਬ ਆਪਣੇ ਨਾਮ ਕਰ ਸਕਿਆ ਹੈ। ਸਭ ਤੋਂ ਪਹਿਲਾਂ 1994 ਵਿੱਚ ਸੁਸ਼ਮਿਤਾ ਸੇਨ ਨੇ ਇਤਿਹਾਸ ਰਚਿਆ ਸੀ, ਜਿਸ ਤੋਂ ਬਾਅਦ 2000 ਵਿੱਚ ਲਾਰਾ ਦੱਤਾ ਨੇ ਤਾਜ ਜਿੱਤਿਆ। ਇਸ ਤੋਂ 21 ਸਾਲਾਂ ਦੇ ਲੰਬੇ ਵਕਫ਼ੇ ਮਗਰੋਂ 2021 ਵਿੱਚ ਹਰਨਾਜ਼ ਸੰਧੂ ਨੇ ਤੀਜੀ ਵਾਰ ਭਾਰਤ ਦਾ ਝੰਡਾ ਬੁਲੰਦ ਕੀਤਾ ਸੀ, ਪਰ ਉਦੋਂ ਤੋਂ ਇਹ ਖਿਤਾਬ ਭਾਰਤ ਦੀ ਪਹੁੰਚ ਤੋਂ ਦੂਰ ਹੈ।
Get all latest content delivered to your email a few times a month.