IMG-LOGO
ਹੋਮ ਰਾਸ਼ਟਰੀ: ਇੰਡੀਗੋ ਦੀ ਉਡਾਣ ’ਚ ਯਾਤਰੀ ਨਾਲ ਕੁੱਟਮਾਰ ਕਰਨ ਦੇ ਦੋਸ਼...

ਇੰਡੀਗੋ ਦੀ ਉਡਾਣ ’ਚ ਯਾਤਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ, ਬੈਲਟ ਨਾਲ ਗਲਾ ਘੁੱਟਣ ਦੀ ਵੀ ਕੀਤੀ ਕੋਸ਼ਿਸ਼

Admin User - Nov 25, 2026 09:03 PM
IMG

ਅਬੂ ਧਾਬੀ ਤੋਂ ਕੋਚੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਵਿੱਚ ਦੋ ਯਾਤਰੀਆਂ ਵਿਚਾਲੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਇੱਕ ਯਾਤਰੀ ’ਤੇ ਆਪਣੇ ਸਹਿ-ਯਾਤਰੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਮਾਮਲੇ ਵਿੱਚ ਕੇਰਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਉਡਾਣ ਨੰਬਰ 6E1404 ਵਿੱਚ ਵਾਪਰੀ। ਮੁਲਜ਼ਮ ਦੀ ਪਛਾਣ ਵਿਟੀਲਾ ਦੇ ਰਹਿਣ ਵਾਲੇ ਰੋਸ਼ਨ ਮਾਰਟਿਨ ਵਜੋਂ ਹੋਈ ਹੈ, ਜਦਕਿ ਪੀੜਤ ਯੂਸਫ਼ ਤ੍ਰਿਸ਼ੂਰ ਦਾ ਰਹਿਣ ਵਾਲਾ ਹੈ।

ਨੇਡੁੰਬਾਸੇਰੀ ਪੁਲਿਸ ਅਨੁਸਾਰ ਮੁਲਜ਼ਮ ਨੇ ਕਥਿਤ ਤੌਰ ’ਤੇ ਯੂਸਫ਼ ਦੇ ਚਿਹਰੇ ’ਤੇ ਮੁੱਕਾ ਮਾਰਿਆ, ਜਿਸ ਕਾਰਨ ਉਸ ਦੀ ਐਨਕ ਟੁੱਟ ਗਈ ਅਤੇ ਸੱਜੀ ਅੱਖ ਦੇ ਨੇੜੇ ਸੱਟ ਲੱਗੀ। ਇਲਜ਼ਾਮ ਇਹ ਵੀ ਹੈ ਕਿ ਝਗੜੇ ਦੌਰਾਨ ਮੁਲਜ਼ਮ ਨੇ ਆਪਣੀ ਬੈਲਟ ਉਤਾਰ ਕੇ ਪੀੜਤ ਦੀ ਗਰਦਨ ਦੁਆਲੇ ਲਪੇਟ ਦਿੱਤੀ।

ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਦੋਵਾਂ ਵਿਚਾਲੇ ਕਿਸੇ ਹੰਕਾਰ ਜਾਂ ਆਪਸੀ ਤਕਰਾਰ ਕਾਰਨ ਵਿਵਾਦ ਪੈਦਾ ਹੋਇਆ ਹੋ ਸਕਦਾ ਹੈ। ਇਸ ਮਾਮਲੇ ਵਿੱਚ ਪੀੜਤ ਵੱਲੋਂ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ, ਪਰ ਉਸ ਵਿਰੁੱਧ ਕੋਈ ਜਵਾਬੀ ਸ਼ਿਕਾਇਤ ਦਰਜ ਨਹੀਂ ਹੋਈ।

ਐਫਆਈਆਰ ਮੁਤਾਬਕ ਘਟਨਾ ਸਮੇਂ ਰੋਸ਼ਨ ਮਾਰਟਿਨ ਸੀਟ ਨੰਬਰ 30D ਅਤੇ ਯੂਸਫ਼ ਸੀਟ ਨੰਬਰ 31B ’ਤੇ ਬੈਠੇ ਸਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 115(2) ਅਤੇ 118(1) ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਵੱਲੋਂ ਜਲਦ ਹੀ ਸ਼ਿਕਾਇਤਕਰਤਾ ਦਾ ਵਿਸਥਾਰਪੂਰਵਕ ਬਿਆਨ ਦਰਜ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.