ਤਾਜਾ ਖਬਰਾਂ
ਪਾਲੀਵੁੱਡ ਦੀ ਬਹੁ-ਪ੍ਰਤੀਤ ਫ਼ਿਲਮ 'ਨਿੱਕਾ ਜ਼ੈਲਦਾਰ-4' ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਵੱਡੇ ਵਿਵਾਦਾਂ ਵਿੱਚ ਘਿਰ ਗਿਆ ਹੈ। ਟ੍ਰੇਲਰ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਤਿੱਖਾ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਵਿਵਾਦ ਦਾ ਮੁੱਖ ਕਾਰਨ ਇਹ ਹੈ ਕਿ ਫ਼ਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ, ਜੋ ਇੱਕ ਸਿੱਖ ਪਰਿਵਾਰ ਦੀ ਨੂੰਹ ਦਾ ਕਿਰਦਾਰ ਨਿਭਾਅ ਰਹੀ ਹੈ, ਨੂੰ ਹੱਥ ਵਿੱਚ ਸ਼ਰਾਬ ਅਤੇ ਸਿਗਰੇਟ ਫੜ੍ਹੇ ਹੋਏ ਦਿਖਾਇਆ ਗਿਆ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਦ੍ਰਿਸ਼ ਸਿੱਖ ਮਰਿਆਦਾ ਅਤੇ ਸੱਭਿਆਚਾਰ ਦੇ ਬਿਲਕੁਲ ਵਿਰੁੱਧ ਹਨ।
SGPC ਅਤੇ ਭਾਜਪਾ ਆਗੂਆਂ ਦਾ ਤਿੱਖਾ ਪ੍ਰਤੀਕਰਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ 'ਤੇ ਤਿੱਖਾ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਵੱਡੇ-ਵੱਡੇ ਪੋਸਟਰ ਲਗਾ ਕੇ ਤੰਬਾਕੂ ਦੇ ਇਸਤੇਮਾਲ ਨੂੰ ਸਿਹਤ ਲਈ ਖ਼ਤਰਨਾਕ ਦੱਸਦੀਆਂ ਹਨ, ਤਾਂ ਫ਼ਿਲਮਾਂ ਵਿੱਚ ਇਸ ਤਰ੍ਹਾਂ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦਿਖਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਖਾਸ ਤੌਰ 'ਤੇ ਜ਼ੋਰ ਦਿੱਤਾ ਕਿ ਜੇਕਰ ਕੋਈ ਅਦਾਕਾਰ ਸਿੱਖ ਪਹਿਰਾਵੇ ਵਿੱਚ ਅਜਿਹਾ ਕਰਦਾ ਹੈ, ਤਾਂ ਇਹ ਹੋਰ ਵੀ ਜ਼ਿਆਦਾ ਗਲਤ ਹੈ।
ਦੂਜੇ ਪਾਸੇ, ਲੁਧਿਆਣਾ ਦੇ ਭਾਜਪਾ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਤਾਂ ਫ਼ਿਲਮ 'ਨਿੱਕਾ ਜ਼ੈਲਦਾਰ-4' 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਿੱਖ ਭਾਈਚਾਰੇ ਦੇ ਪੁਰਸ਼ ਵੀ ਤੰਬਾਕੂ ਨੂੰ ਹੱਥ ਨਹੀਂ ਲਾਉਂਦੇ, ਤਾਂ ਫ਼ਿਲਮ ਵਿੱਚ ਇੱਕ ਸਿੱਖ ਔਰਤ ਨੂੰ ਸਿਗਰਟ ਫੜ੍ਹੀ ਦਿਖਾਉਣਾ ਸੱਭਿਆਚਾਰਕ ਤੌਰ 'ਤੇ ਅਸਹਿ ਹੈ। ਭਾਜਪਾ ਆਗੂ ਗਰੇਵਾਲ ਨੇ ਸੁਪਰੀਮ ਕੋਰਟ, ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਅਤੇ ਫ਼ਿਲਮ ਸੈਂਸਰ ਬੋਰਡ ਤੋਂ ਤੁਰੰਤ ਕਾਰਵਾਈ ਕਰਕੇ ਫ਼ਿਲਮ ਦੇ ਮੰਚਨ ਨੂੰ ਰੋਕਣ ਦੀ ਮੰਗ ਕੀਤੀ ਹੈ।
ਇਸ ਵਿਵਾਦ ਤੋਂ ਬਾਅਦ, ਫ਼ਿਲਮ ਦੇ ਨਿਰਮਾਤਾਵਾਂ ਅਤੇ ਅਦਾਕਾਰਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ।
Get all latest content delivered to your email a few times a month.