ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਜਾਣੇ-ਪਛਾਣੇ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਜੀਵਨ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਵੈਂਟੀਲੇਟਰ ਸਪੋਰਟ 'ਤੇ ਹਨ।
ਗੰਭੀਰ ਸੱਟਾਂ ਅਤੇ ਕ੍ਰਿਟੀਕਲ ਹਾਲਤ
ਫੋਰਟਿਸ ਹਸਪਤਾਲ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਅਨੁਸਾਰ, ਰਾਜਵੀਰ ਜਵੰਦਾ ਨੂੰ 27 ਸਤੰਬਰ ਨੂੰ ਦੁਪਹਿਰ 1:45 ਵਜੇ 'ਅਤਿਅੰਤ ਨਾਜ਼ੁਕ ਹਾਲਤ' ਵਿੱਚ ਐਮਰਜੈਂਸੀ ਰੂਮ ਵਿੱਚ ਲਿਆਂਦਾ ਗਿਆ ਸੀ। ਹਾਦਸੇ ਕਾਰਨ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ ਲਿਆਉਣ ਤੋਂ ਪਹਿਲਾਂ, ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ (Cardiac Arrest) ਵੀ ਪਿਆ ਸੀ। ਹਸਪਤਾਲ ਦੀ ਐਮਰਜੈਂਸੀ ਅਤੇ ਨਿਊਰੋਸਰਜਰੀ ਟੀਮਾਂ ਤੁਰੰਤ ਉਨ੍ਹਾਂ ਦੇ ਇਲਾਜ ਵਿੱਚ ਜੁੱਟ ਗਈਆਂ ਸਨ ਅਤੇ ਵਿਆਪਕ ਜਾਂਚਾਂ ਤੋਂ ਬਾਅਦ ਉਨ੍ਹਾਂ ਨੂੰ ਐਡਵਾਂਸਡ ਲਾਈਫ ਸਪੋਰਟ 'ਤੇ ਰੱਖਿਆ ਗਿਆ। ਉਨ੍ਹਾਂ ਦੀ ਹਾਲਤ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਕੁਲਵਿੰਦਰ ਬਿੱਲਾ ਵੱਲੋਂ ਸਿਹਤ ਸੁਧਾਰ ਦਾ ਦਾਅਵਾ
ਇਸ ਦੌਰਾਨ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ਰਾਹੀਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਇੱਕ ਸਕਾਰਾਤਮਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਹਾ, "ਵਾਹਿਗੁਰੂ ਦੀ ਕਿਰਪਾ ਨਾਲ ਡਾਕਟਰ ਸਾਹਿਬ ਨੇ ਜਿਵੇਂ ਹੁਣੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੀ ਅੱਗੇ ਨਾਲੋਂ ਸਿਹਤ 'ਚ ਕੁਝ ਫਰਕ ਪਿਆ ਹੈ।"
ਇਸ ਦੇ ਨਾਲ ਹੀ, ਕੁਲਵਿੰਦਰ ਬਿੱਲਾ ਨੇ ਪ੍ਰਸ਼ੰਸਕਾਂ ਅਤੇ ਹੋਰਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਅਫਵਾਹ ਵਾਲੀ ਪੋਸਟ ਨਾ ਪਾਉਣ, ਤਾਂ ਜੋ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲ ਨਾ ਟੁੱਟਣ। ਉਨ੍ਹਾਂ ਨੇ ਸਾਰਿਆਂ ਨੂੰ ਸਿਰਫ਼ ਰਾਜਵੀਰ ਦੀ ਜਲਦੀ ਤੰਦਰੁਸਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
ਸਮੁੱਚਾ ਪੰਜਾਬੀ ਭਾਈਚਾਰਾ ਅਤੇ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।
Get all latest content delivered to your email a few times a month.