ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੁਣ ਕੁਝ ਮਾਮੂਲੀ ਸੁਧਾਰ ਦੇਖਿਆ ਗਿਆ ਹੈ। ਉਹ ਅਜੇ ਵੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਲਾਈਫ਼ ਸਪੋਰਟ ਮਸ਼ੀਨਾਂ ਹਟਾਈਆਂ:
ਫੋਰਟਿਸ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਮੈਡੀਕਲ ਬੁਲੇਟਿਨ ਅਨੁਸਾਰ, ਗਾਇਕ ਨੂੰ ਪਹਿਲਾਂ ਚਾਰ ਲਾਈਫ਼ ਸਪੋਰਟ ਮਸ਼ੀਨਾਂ 'ਤੇ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ ਤਿੰਨ ਮਸ਼ੀਨਾਂ ਹਟਾ ਦਿੱਤੀਆਂ ਗਈਆਂ ਹਨ। ਹਾਲਾਂਕਿ, ਉਹ ਅਜੇ ਵੀ ਵੈਂਟੀਲੇਟਰ 'ਤੇ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਈ ਹੈ। ਉਨ੍ਹਾਂ ਦੀ ਸਿਹਤ 'ਤੇ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਲਗਾਤਾਰ ਨਿਗਰਾਨੀ ਰੱਖ ਰਹੀ ਹੈ।
CM ਮਾਨ ਸਮੇਤ ਕਈ ਹਸਤੀਆਂ ਪਹੁੰਚੀਆਂ:
ਗਾਇਕ ਦਾ ਹਾਲ ਜਾਨਣ ਲਈ ਵੱਡੀ ਗਿਣਤੀ ਵਿੱਚ ਅਦਾਕਾਰ, ਗਾਇਕ ਅਤੇ ਸਿਆਸੀ ਹਸਤੀਆਂ ਹਸਪਤਾਲ ਪਹੁੰਚ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਤਵਾਰ ਨੂੰ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦਾ ਹਾਲ ਪੁੱਛਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਹਾਦਸੇ ਅਤੇ ਇਲਾਜ ਦਾ ਵੇਰਵਾ
27 ਸਤੰਬਰ ਦੀ ਦੁਪਹਿਰ ਨੂੰ ਜਵੰਦਾ ਨੂੰ ਬੇਹੱਦ ਨਾਜ਼ੁਕ ਹਾਲਤ ਵਿੱਚ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ, ਜਿਸ ਕਾਰਨ ਹਸਪਤਾਲ ਪਹੁੰਚਦਿਆਂ ਹੀ ਉਨ੍ਹਾਂ ਨੂੰ ਐਡਵਾਂਸ ਲਾਈਫ਼ ਸਪੋਰਟ 'ਤੇ ਰੱਖਿਆ ਗਿਆ। 28 ਅਤੇ 29 ਸਤੰਬਰ ਨੂੰ ਉਨ੍ਹਾਂ ਦੀ ਸਥਿਤੀ ਸਥਿਰ ਪਰ ਗੰਭੀਰ ਬਣੀ ਰਹੀ, ਪਰ ਅੱਜ ਕੁਝ ਸੁਧਾਰ ਦਰਜ ਕੀਤਾ ਗਿਆ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ:
ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਦੇ ਬੱਦੀ ਇਲਾਕੇ ਵਿੱਚ ਬਾਈਕ ਰਾਈਡਿੰਗ ਕਰ ਰਹੇ ਸਨ। ਸੜਕ 'ਤੇ ਦੋ ਪਸ਼ੂ ਆਪਸ ਵਿੱਚ ਲੜ ਰਹੇ ਸਨ। ਉਨ੍ਹਾਂ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨਾਲ ਟਕਰਾ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ।
ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਉਮੀਦ ਹੈ ਕਿ ਗਾਇਕ ਜਲਦ ਹੀ ਖ਼ਤਰੇ ਤੋਂ ਬਾਹਰ ਆ ਜਾਣਗੇ।
Get all latest content delivered to your email a few times a month.