ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਖਾਨ ਸਾਬ ਦੀ ਮਾਤਾ ਜੀ, ਸਲਮਾ ਪਰਵੀਨ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਦੇਹਾਂਤ ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਇਆ। ਅੱਜ, ਖਾਨ ਸਾਬ ਆਪਣੀ ਮਾਂ ਨੂੰ ਅੰਤਿਮ ਵਿਦਾਈ ਦੇਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ (ਸਪੁਰਦ-ਏ-ਖਾਕ) ਅੱਜ ਉਨ੍ਹਾਂ ਦੇ ਜੱਦੀ ਪਿੰਡ ਭੰਗਲ ਦੋਨਾ ਵਿਖੇ ਕੀਤਾ ਜਾਵੇਗਾ। ਉਮੀਦ ਹੈ ਕਿ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਇਸ ਦੁੱਖ ਦੀ ਘੜੀ ਵਿੱਚ ਖਾਨ ਸਾਬ ਦੇ ਘਰ ਪਹੁੰਚਣਗੇ।
ਵਿਦੇਸ਼ੋਂ ਸ਼ੋਅ ਛੱਡ ਕੇ ਪਰਤੇ ਖਾਨ ਸਾਬ
ਪ੍ਰਾਪਤ ਜਾਣਕਾਰੀ ਅਨੁਸਾਰ, ਗਾਇਕ ਦੀ ਮਾਂ ਸਲਮਾ ਪਰਵੀਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਡਾਕਟਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਲਗਾਤਾਰ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਆਖਰੀ ਸਾਹ ਲਏ।
ਮਾਂ ਦੇ ਦੇਹਾਂਤ ਸਮੇਂ ਖਾਨ ਸਾਬ ਕੈਨੇਡਾ ਦੇ ਸਰੀ ਵਿੱਚ ਇੱਕ ਸ਼ੋਅ ਲਈ ਮੌਜੂਦ ਸਨ। ਖ਼ਬਰ ਮਿਲਦੇ ਹੀ, ਉਨ੍ਹਾਂ ਨੇ ਤੁਰੰਤ ਆਪਣਾ ਪ੍ਰੋਗਰਾਮ ਰੱਦ ਕੀਤਾ ਅਤੇ ਪੰਜਾਬ ਲਈ ਵਾਪਸੀ ਕੀਤੀ। ਉਹ ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਉੱਥੋਂ ਸਿੱਧੇ ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਭੰਗਲ ਦੋਨਾ ਪਹੁੰਚੇ।
ਸਲਮਾ ਪ੍ਰਵੀਨ ਦਾ ਸੁਭਾਅ ਅਤੇ ਪਰਿਵਾਰਕ ਬੰਧਨ
ਸਲਮਾ ਪਰਵੀਨ ਨੂੰ ਜਾਣਨ ਵਾਲੇ ਲੋਕ ਦੱਸਦੇ ਹਨ ਕਿ ਉਹ ਬਹੁਤ ਧਾਰਮਿਕ ਵਿਚਾਰਾਂ ਵਾਲੀ ਅਤੇ ਮਿਲਣਸਾਰ ਔਰਤ ਸਨ। ਉਹ ਹਮੇਸ਼ਾ ਆਪਣੇ ਪਰਿਵਾਰ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੀ। ਉਨ੍ਹਾਂ ਦੀ ਮੌਤ ਨੇ ਪਰਿਵਾਰ ਵਿੱਚ ਇੱਕ ਡੂੰਘਾ ਖਾਲੀਪਣ ਪੈਦਾ ਕਰ ਦਿੱਤਾ ਹੈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖਾਨ ਸਾਬ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਕਈ ਵਾਰ ਜਨਤਕ ਥਾਵਾਂ 'ਤੇ ਵੀ ਉਨ੍ਹਾਂ ਦਾ ਜ਼ਿਕਰ ਕਰਦੇ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਨਾਲ ਕਈ ਵੀਡੀਓ ਵੀ ਸਾਂਝੀਆਂ ਕੀਤੀਆਂ ਸਨ।
ਗਾਇਕ ਖਾਨ ਸਾਬ ਬਾਰੇ ਜਾਣਕਾਰੀ
ਦੱਸ ਦਈਏ ਕਿ ਗਾਇਕ ਖਾਨ ਸਾਬ, ਜਿਨ੍ਹਾਂ ਦਾ ਅਸਲੀ ਨਾਮ ਇਮਰਾਨ ਖਾਨ ਹੈ, ਦਾ ਜਨਮ ਕਪੂਰਥਲਾ ਵਿੱਚ ਹੋਇਆ ਸੀ। ਉਨ੍ਹਾਂ ਨੇ ਖੁਦ ਕਪਿਲ ਸ਼ਰਮਾ ਦੇ ਸ਼ੋਅ 'ਤੇ ਖੁਲਾਸਾ ਕੀਤਾ ਸੀ ਕਿ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਇੱਕ ਐਲਬਮ 'ਤੇ ਕੰਮ ਕਰਦੇ ਸਮੇਂ ਸੰਧੂ ਨੇ ਹੀ ਉਨ੍ਹਾਂ ਦਾ ਨਾਮ ਬਦਲ ਕੇ ਖਾਨ ਸਾਬ ਰੱਖ ਦਿੱਤਾ ਸੀ। ਇਸ ਤੋਂ ਬਾਅਦ ਉਹ ਇਸੇ ਨਾਮ ਨਾਲ ਸੰਗੀਤ ਉਦਯੋਗ ਵਿੱਚ ਸਰਗਰਮ ਹਨ। ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦਰਸ਼ਕਾਂ ਨੂੰ ਕਈ ਹਿੱਟ ਪੰਜਾਬੀ ਗੀਤ ਦਿੱਤੇ ਹਨ ਅਤੇ ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾ ਚੁੱਕੇ ਹਨ।
Get all latest content delivered to your email a few times a month.