ਤਾਜਾ ਖਬਰਾਂ
ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸੈਕਟਰ 38 ਵੈਸਟ ਵਿੱਚ ਸਥਿਤ 36 ਸਾਲ ਪੁਰਾਣੀ ਸ਼ਾਹਪੁਰ ਰਿਹਾਇਸ਼ੀ ਕਲੋਨੀ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਮੰਗਲਵਾਰ ਸਵੇਰੇ ਬੁਲਡੋਜ਼ਰਾਂ ਦੀ ਮਦਦ ਨਾਲ ਕਲੋਨੀ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਾਣਕਾਰੀ ਅਨੁਸਾਰ, ਇਸ ਕਾਰਵਾਈ ਵਿੱਚ ਲਗਭਗ 450 ਘਰਾਂ ਨੂੰ ਢਾਹਿਆ ਜਾਣਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਹੁਣ ਮਲਬੇ ਵਿੱਚ ਤਬਦੀਲ ਹੋ ਰਹੇ ਹਨ।
ਪੁਲਿਸ ਤਾਇਨਾਤ, ਲੋਕਾਂ 'ਚ ਗੁੱਸਾ:
ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਹੈ। ਭਾਵੇਂ ਵਸਨੀਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ, ਪਰ ਕਲੋਨੀ ਦੇ ਲੋਕ ਬਹੁਤ ਪਰੇਸ਼ਾਨ ਹਨ।
ਨਿਵਾਸੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕਾਰਵਾਈ ਗਲਤ ਹੈ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਵਸਨੀਕਾਂ ਦੀ ਸਹੂਲਤ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸਟੇਅ ਵਾਲੇ ਘਰਾਂ 'ਤੇ ਕਾਰਵਾਈ ਨਹੀਂ:
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇਅ ਆਰਡਰ ਮਿਲਿਆ ਹੋਇਆ ਹੈ, ਉਨ੍ਹਾਂ ਨੂੰ ਨਹੀਂ ਢਾਹਿਆ ਜਾ ਰਿਹਾ। ਜੇਸੀਬੀ ਆਪਰੇਟਰਾਂ ਨੂੰ ਅਜਿਹੇ ਘਰਾਂ ਦੀ ਪਛਾਣ ਕਰਾਉਣ ਲਈ ਉਨ੍ਹਾਂ 'ਤੇ ਕਰਾਸ ਦੇ ਨਿਸ਼ਾਨ ਲਗਾਏ ਗਏ ਹਨ।
ਕਲੋਨੀ ਢਾਹੇ ਜਾਣ ਦੀ ਇਹ ਕਾਰਵਾਈ ਚੰਡੀਗੜ੍ਹ ਵਿੱਚ ਅਣਅਧਿਕਾਰਤ ਉਸਾਰੀਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ ਨੂੰ ਦਰਸਾਉਂਦੀ ਹੈ।
Get all latest content delivered to your email a few times a month.