ਤਾਜਾ ਖਬਰਾਂ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਭਾਰੀ ਹੰਗਾਮੇ ਦੀ ਲਪੇਟ ਵਿੱਚ ਆ ਗਈ। ਕਾਂਗਰਸ ਅਤੇ ਆਮ ਆਦਮੀ ਪਾਰਟੀ ('ਆਪ') ਦੇ ਕੌਂਸਲਰਾਂ ਨੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਵਿਦੇਸ਼ ਦੌਰੇ ਅਤੇ ਨਿਗਮ ਕਰਮਚਾਰੀਆਂ ਦੀ ਸਸਪੈਂਸ਼ਨ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ। ਜਦੋਂ ਵਿਰੋਧੀ ਧਿਰ ਸ਼ਾਂਤ ਨਾ ਹੋਈ, ਤਾਂ ਸਦਨ ਵਿੱਚ ਭਾਜਪਾ ਅਤੇ ਵਿਰੋਧੀ ਧਿਰ ਵਿਚਕਾਰ ਜ਼ਬਰਦਸਤ ਬਹਿਸ ਸ਼ੁਰੂ ਹੋ ਗਈ। ਵਿਰੋਧੀ ਧਿਰ ਦੀ ਨਾਅਰੇਬਾਜ਼ੀ: ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਹਿਰ ਨੂੰ ਵਿਦੇਸ਼ ਵਿੱਚ ਮਿਲੇ ਅਵਾਰਡ ਦਾ ਹਵਾਲਾ ਦੇ ਕੇ ਵਿਰੋਧੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਮਾਹੌਲ ਹੋਰ ਭੜਕ ਗਿਆ।
'ਆਪ' ਅਤੇ ਕਾਂਗਰਸ ਕੌਂਸਲਰ "ਸੋਸ਼ਣ ਬੰਦ ਕਰੋ" ਦੇ ਪਰਚੇ ਚੁੱਕ ਕੇ ਹਾਊਸ ਦੀ ਵੇਲ ਵਿੱਚ ਉੱਤਰ ਆਏ। ਉਨ੍ਹਾਂ ਨੇ ਭਾਜਪਾ 'ਤੇ ਭੇਦਭਾਵ ਕਰਨ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਝਾੜੂ ਲਗਾਉਣ ਵਾਲੇ ਵਿਵਾਦ ਵਿੱਚ ਸਸਪੈਂਡ ਕੀਤੇ ਕਰਮਚਾਰੀਆਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਹੰਗਾਮੇ ਦੌਰਾਨ ਗੁੱਸੇ ਵਿੱਚ ਆਏ ਕੌਂਸਲਰਾਂ ਨੇ ਮੀਟਿੰਗ ਦੇ ਏਜੰਡੇ ਦੇ ਕਾਗਜ਼ ਫਾੜ ਕੇ ਉਛਾਲ ਦਿੱਤੇ, ਜਿਸ ਤੋਂ ਬਾਅਦ ਮੇਅਰ ਨੂੰ ਮੀਟਿੰਗ 10 ਮਿੰਟ ਲਈ ਮੁਲਤਵੀ ਕਰਨੀ ਪਈ। ਮੇਅਰ ਦਾ ਸਖ਼ਤ ਰੁਖ਼: ਮੀਟਿੰਗ ਮੁਲਤਵੀ ਕਰਨ ਮਗਰੋਂ ਮੇਅਰ ਬਬਲਾ ਨੇ ਸਖ਼ਤ ਰੁਖ਼ ਅਪਣਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹੰਗਾਮਾ ਕਰਨ ਵਾਲੇ ਕੌਂਸਲਰਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਹਾਊਸ ਦੀ ਕਾਰਵਾਈ ਸ਼ੁਰੂ ਨਹੀਂ ਹੋਵੇਗੀ। ਮੇਅਰ ਨੇ ਦੋਸ਼ ਲਾਇਆ, "ਇਨ੍ਹਾਂ ਕੌਂਸਲਰਾਂ ਨੇ ਸ਼ਹਿਰ ਨੂੰ ਮਿਲੇ ਅਵਾਰਡ ਦਾ ਅਪਮਾਨ ਕੀਤਾ ਹੈ ਅਤੇ ਏਜੰਡੇ ਦੀ ਕਾਪੀ ਫਾੜ ਕੇ ਮੇਰੇ ਮੂੰਹ 'ਤੇ ਮਾਰੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਅਜਿਹੇ ਕੌਂਸਲਰ ਨਹੀਂ ਦੇਖੇ।" ਚੰਡੀਗੜ੍ਹ ਪ੍ਰਸ਼ਾਸਨ ਇਸ ਮਾਮਲੇ 'ਤੇ ਕੀ ਕਾਰਵਾਈ ਕਰਦਾ ਹੈ, ਇਸ ਬਾਰੇ ਅਗਲੇਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
Get all latest content delivered to your email a few times a month.