ਤਾਜਾ ਖਬਰਾਂ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਦੁਰਵਰਤੋਂ ਕਰਕੇ ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣਾਈਆਂ ਜਾ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ 'ਤੇ ਰੋਕ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਮੁੱਦੇ 'ਤੇ ਸੁਝਾਅ ਅਤੇ ਵਿਚਾਰ ਜਾਣਨ ਲਈ ਐਸ.ਜੀ.ਪੀ.ਸੀ. ਵੱਲੋਂ ਅੱਜ ਦੁਪਹਿਰ 12:30 ਵਜੇ ਨੂੰ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਵਿਖੇ ਇਸ ਖੇਤਰ ਦੇ ਮਾਹਿਰਾਂ ਅਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਣ ਜਾ ਰਹੀ ਇਸ ਅਹਿਮ ਮੀਟਿੰਗ ਵਿੱਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਦੇ ਨੁਮਾਇੰਦਿਆਂ ਅਤੇ ਤਕਨੀਕੀ ਮਾਹਿਰਾਂ ਨਾਲ ਏ.ਆਈ. ਤਕਨੀਕ ਦੀ ਦੁਰਵਰਤੋਂ ਰੋਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਸਿੱਖ ਭਾਵਨਾਵਾਂ ਨੂੰ ਸੱਟ ਅਤੇ ਟਕਰਾਅ ਵਾਲਾ ਮਾਹੌਲ
ਸ਼੍ਰੋਮਣੀ ਕਮੇਟੀ ਨੇ ਚਿੰਤਾ ਪ੍ਰਗਟਾਈ ਹੈ ਕਿ ਏ.ਆਈ. ਦੀ ਦੁਰਵਰਤੋਂ ਨਾਲ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ, ਸਗੋਂ ਫਿਰਕਿਆਂ ਅੰਦਰ ਟਕਰਾਅ ਵਾਲਾ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ। ਕਮੇਟੀ ਅਨੁਸਾਰ, ਅਜਿਹੇ ਵਰਤਾਰੇ 'ਤੇ ਤੁਰੰਤ ਰੋਕ ਲਗਾਉਣੀ ਬੇਹੱਦ ਜ਼ਰੂਰੀ ਹੈ।
ਭਾਵੇਂ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕਰਵਾਉਣ ਅਤੇ ਆਈ.ਟੀ. ਵਿਭਾਗ ਰਾਹੀਂ ਸਬੰਧਤ ਸੋਸ਼ਲ ਮੀਡੀਆ ਮੰਚਾਂ 'ਤੇ ਕਾਰਵਾਈ ਕਰਵਾਉਣ ਵਰਗੇ ਕਦਮ ਚੁੱਕੇ ਜਾਂਦੇ ਹਨ, ਪਰ ਇਸ ਗਲਤ ਰੁਝਾਨ ਨੂੰ ਜੜ੍ਹੋਂ ਖ਼ਤਮ ਕਰਨ ਲਈ ਮਾਹਿਰਾਂ ਤੋਂ ਸੁਝਾਅ ਪ੍ਰਾਪਤ ਕਰਕੇ ਇੱਕ ਠੋਸ ਨੀਤੀ ਬਣਾਉਣਾ ਲਾਜ਼ਮੀ ਹੈ।
ਮਾਹਿਰਾਂ ਤੋਂ ਸੁਝਾਅ ਲੈਣ ਦੀ ਪਹਿਲ
ਇਸੇ ਮਕਸਦ ਲਈ, ਸ਼੍ਰੋਮਣੀ ਕਮੇਟੀ ਨੇ ਏ.ਆਈ. ਖੇਤਰ ਵਿੱਚ ਕੰਮ ਕਰ ਰਹੇ ਲੋਕਾਂ, ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਇਹ ਇਕੱਤਰਤਾ ਸੱਦੀ ਹੈ। ਇਸ ਤੋਂ ਪਹਿਲਾਂ, ਏ.ਆਈ. ਮਾਹਿਰਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਹ ਆਪਣੇ ਸੁਝਾਅ 1 ਅਕਤੂਬਰ ਤੋਂ ਪਹਿਲਾਂ ਕਮੇਟੀ ਦੀ ਈਮੇਲ [email protected] 'ਤੇ ਭੇਜਣ, ਤਾਂ ਜੋ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ 'ਤੇ ਵਿਚਾਰ ਕੀਤਾ ਜਾ ਸਕੇ।
Get all latest content delivered to your email a few times a month.