ਤਾਜਾ ਖਬਰਾਂ
ਬਲਾਤਕਾਰ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਹੋਣ ਮਗਰੋਂ ਫ਼ਰਾਰ ਚੱਲ ਰਹੇ ਸਨੌਰ ਤੋਂ ਆਮ ਆਦਮੀ ਪਾਰਟੀ ('ਆਪ') ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਕਿਸਮਤ ਦਾ ਫੈਸਲਾ ਅੱਜ ਪਟਿਆਲਾ ਦੀ ਅਦਾਲਤ ਵਿੱਚ ਹੋ ਸਕਦਾ ਹੈ। ਵਿਧਾਇਕ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਅੱਜ ਦੁਪਹਿਰ ਤੋਂ ਬਾਅਦ ਸੁਣਵਾਈ ਹੋਵੇਗੀ, ਜਿਸ ਦੌਰਾਨ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਜ਼ੋਰਦਾਰ ਬਹਿਸ ਹੋਣ ਦੀ ਸੰਭਾਵਨਾ ਹੈ।
ਪਠਾਣਮਾਜਰਾ ਦੀ ਦਲੀਲ: ਰਾਜਨੀਤਿਕ ਸਾਜ਼ਿਸ਼
ਜ਼ਮਾਨਤ ਪਟੀਸ਼ਨ ਵਿੱਚ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ਼ ਦਰਜ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਸ਼ਿਕਾਇਤ ਕਾਫ਼ੀ ਸਮੇਂ ਤੋਂ ਪੈਂਡਿੰਗ ਸੀ। ਇਸ ਕੇਸ ਵਿੱਚ ਸਰਕਾਰ ਪਹਿਲਾਂ ਹੀ ਆਪਣਾ ਜਵਾਬ ਦਾਖਲ ਕਰ ਚੁੱਕੀ ਹੈ।
ਇਹ ਮਾਮਲਾ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਇੱਕ ਮਹਿਲਾ ਵੱਲੋਂ ਦਰਜ ਕਰਵਾਇਆ ਗਿਆ ਸੀ। ਮਹਿਲਾ ਨੇ ਦੋਸ਼ ਲਾਇਆ ਹੈ ਕਿ ਪਠਾਣਮਾਜਰਾ ਨੇ ਆਪਣੇ ਪਹਿਲੇ ਵਿਆਹ ਦੀ ਜਾਣਕਾਰੀ ਲੁਕੋ ਕੇ ਉਸ ਨਾਲ ਧੋਖੇ ਨਾਲ ਵਿਆਹ ਕਰਵਾਇਆ।
ਕੇਸ ਦੀ ਪਿੱਠਭੂਮੀ: ਧੋਖੇ ਨਾਲ ਵਿਆਹ ਅਤੇ ਫ਼ਰਾਰੀ
ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ 2013 ਵਿੱਚ ਫੇਸਬੁੱਕ ਰਾਹੀਂ ਵਿਧਾਇਕ ਨਾਲ ਹੋਈ ਸੀ ਅਤੇ 2021 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਪਰ 2022 ਵਿੱਚ ਉਸ ਨੂੰ ਪਤਾ ਲੱਗਾ ਕਿ ਪਠਾਣਮਾਜਰਾ ਪਹਿਲਾਂ ਹੀ ਵਿਆਹੇ ਹੋਏ ਹਨ। ਮਹਿਲਾ ਨੇ ਵਿਧਾਇਕ 'ਤੇ ਬਲਾਤਕਾਰ (ਧਾਰਾ 376), ਧੋਖਾਧੜੀ (ਧਾਰਾ 420), ਧਮਕੀ ਦੇਣ (ਧਾਰਾ 506) ਅਤੇ ਅਸ਼ਲੀਲ ਵੀਡੀਓ ਬਣਾਉਣ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ। ਲੰਬੀ ਜਾਂਚ ਤੋਂ ਬਾਅਦ ਪੁਲਿਸ ਨੇ ਵਿਧਾਇਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ।
ਇਸ ਮਾਮਲੇ ਵਿੱਚ ਪੁਲਿਸ ਨੇ ਵਿਧਾਇਕ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰ ਉਹ ਨਾਟਕੀ ਢੰਗ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਪੁਲਿਸ ਰਿਕਾਰਡ ਮੁਤਾਬਕ, ਜਦੋਂ ਵਿਧਾਇਕ ਨੂੰ ਥਾਣੇ ਲਿਆਂਦਾ ਜਾ ਰਿਹਾ ਸੀ, ਤਾਂ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ ਅਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਸ ਦੌਰਾਨ, ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀ ਸਕਾਰਪੀਓ ਅਤੇ ਫਾਰਚੂਨਰ ਗੱਡੀਆਂ ਵਿੱਚ ਫ਼ਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਫਾਰਚੂਨਰ ਕਾਰ ਨੂੰ ਤਾਂ ਫੜ੍ਹ ਲਿਆ, ਪਰ ਵਿਧਾਇਕ ਸਕਾਰਪੀਓ ਕਾਰ ਵਿੱਚ ਬੈਠ ਕੇ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਨਿਕਲੇ।
Get all latest content delivered to your email a few times a month.