ਤਾਜਾ ਖਬਰਾਂ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿੱਚ ਅੱਜ ਉਹ ਮੰਜ਼ਰ ਬਹੁਤ ਹੀ ਗਮਗੀਨ ਸੀ, ਜਦੋਂ ਬਾਬਾ ਮੱਖਣ ਸਿੰਘ ਸਮੇਤ ਪੰਜ ਸੇਵਾਦਾਰਾਂ ਦਾ ਅੰਤਿਮ ਸਸਕਾਰ ਇਕੱਠੇ ਕੀਤਾ ਗਿਆ। ਹਜਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤਾਂ ਨੇ ਨਿਮਰਤਾ ਨਾਲ ਵਿਛੜੀਆਂ ਰੂਹਾਂ ਨੂੰ ਆਪਣੀ ਅੱਖਾਂ ਭਰੀਆਂ ਸਰਧਾਂਜਲੀਆਂ ਭੇਂਟ ਕੀਤੀਆਂ।
ਯਾਦ ਰਹੇ ਕਿ ਬੀਤੇ ਦਿਨੀਂ ਇਹ ਸਾਰੇ ਸੇਵਾਦਾਰ ਹਰਿਆਣਾ ਦੇ ਕੈਥਲ ਵਿਖੇ ਇਕ ਬਰਸੀ ਸਮਾਗਮ ਵਿੱਚ ਹਾਜ਼ਰੀ ਭਰਨ ਗਏ ਸਨ। ਵਾਪਸੀ ਦੌਰਾਨ ਉਹਨਾਂ ਦੀ ਗੱਡੀ ਨੂੰ ਪਿੱਛੋਂ ਆ ਰਹੀ ਬੱਸ ਨੇ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਬਾਬਾ ਮੱਖਣ ਸਿੰਘ ਅਤੇ ਚਾਰ ਹੋਰ ਸੇਵਾਦਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਦੇਰੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਰਾਮੇਆਣਾ ਪਹੁੰਚੀਆਂ ਸਨ, ਜਿੱਥੇ ਅੱਜ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਨਾਲ ਅੰਤਿਮ ਸੰਸਕਾਰ ਹੋਇਆ।
ਇਸ ਦੁਖਦਾਇਕ ਘਟਨਾ 'ਤੇ ਪਿੰਡ ਵਾਸੀਆਂ ਦੇ ਨਾਲ ਨਾਲ ਸਿਆਸੀ ਆਗੂਆਂ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ। ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪਿੰਡ ਰਾਮੇਆਣਾ ਗੁਰਦੁਆਰੇ ਨਾਲ ਜੁੜੇ ਸੇਵਾਦਾਰਾਂ ਦੀ ਇਸ ਅਚਾਨਕ ਮੌਤ ਨਾਲ ਪੂਰਾ ਇਲਾਕਾ ਗਮਗੀਨ ਹੈ। ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਮ੍ਰਿਤਕ ਸੇਵਾਦਾਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
ਸੱਤਾਧਾਰੀ ਪਾਰਟੀ ਦੇ ਨਾਲ ਨਾਲ ਕਾਂਗਰਸੀ ਅਤੇ ਅਕਾਲੀ ਆਗੂਆਂ ਨੇ ਵੀ ਹਾਜ਼ਰੀ ਲਾ ਕੇ ਪਰਿਵਾਰਾਂ ਨਾਲ ਦੁੱਖ-ਸਾਂਝਾ ਕੀਤਾ। ਸਮੂਹ ਸੰਗਤਾਂ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀਆਂ ਰੂਹਾਂ ਨੂੰ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਾਂ ਨੂੰ ਇਹ ਅਸਹਿਣਯੋਗ ਘਾਟਾ ਸਹਿਣ ਦਾ ਬਲ ਦੇਵੇ।
Get all latest content delivered to your email a few times a month.