ਤਾਜਾ ਖਬਰਾਂ
ਪਟਿਆਲਾ ਦੇ SSP ਨੇ ਅੱਜ ਦੋ ਗੰਭੀਰ ਮਾਮਲਿਆਂ ਬਾਰੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ। ਪਹਿਲੇ ਮਾਮਲੇ ਵਿੱਚ, ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰ ਵਿਕਾਸ ਉਰਫ਼ ਆਕਾਸ਼, ਕਬੀਰ ਅਤੇ ਇਸ਼ੂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੂੰ 25 ਅਗਸਤ ਨੂੰ ਵੱਡੀ ਨਦੀ ਨੇੜੇ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਗਿਰੋਹ ਗ੍ਰਿਫਤਾਰ ਕੀਤਾ ਗਿਆ। ਗਿਰਫਤਾਰ ਹੋਏ ਵਿਅਕਤੀਆਂ ਕੋਲੋਂ ਚਾਰ ਪਿਸਤੌਲ .32 ਬੋਰ ਅਤੇ 10 ਕਾਰਤੂਸ ਬਰਾਮਦ ਹੋਏ। ਐਸਐਸਪੀ ਨੇ ਦੱਸਿਆ ਕਿ ਇਹ ਲੋਕ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਅਸਲਾ ਸਪਲਾਇਰਾਂ ਨਾਲ ਸੰਪਰਕ ਵਿੱਚ ਰਹਿ ਕੇ ਟਰੇਨ ਰਾਹੀਂ ਅਸਲਾ ਅਤੇ ਐਮੋਨੇਸ਼ਨ ਲੈ ਕੇ ਪਟਿਆਲਾ ਵਿੱਚ ਵੇਚਦੇ ਸਨ।
ਦੂਜੇ ਮਾਮਲੇ ਵਿੱਚ, ਪਟਿਆਲਾ ਪੁਲਿਸ ਨੇ ਏਟੀਐਮ ਧੋਖਾਧੜੀ ਕਰਨ ਵਾਲੇ ਦੋ ਅੰਤਰਰਾਜੀ ਗਿਰੋਹ ਦੇ ਮੈਂਬਰ ਸੋਨੂ ਅਤੇ ਅਜੇ ਨੂੰ ਕਾਬੂ ਕੀਤਾ। ਇਹ ਵਿਅਕਤੀ ਕੁਰੂਕਸ਼ੇਤਰ (ਹਰਿਆਣਾ) ਦੇ ਰਹਿਣ ਵਾਲੇ ਹਨ ਅਤੇ ਛੋਟੀ ਨਦੀ ਕੋਲੋਂ ਗ੍ਰਿਫਤਾਰ ਕੀਤੇ ਗਏ। ਪੁਲਿਸ ਦੇ ਅਨੁਸਾਰ ਇਹ ਗਿਰੋਹ ਅਕਸਰ ਏਟੀਐਮ ਦੇ ਬਾਹਰ ਲੋਕਾਂ ਨੂੰ ਰੈਕੀ ਕਰਦਾ ਅਤੇ ਜਦੋਂ ਕੋਈ ਵਿਅਕਤੀ ਪੈਸੇ ਕਢਣ ਜਾਂਦਾ, ਤਾਂ ਉਹ ਧੋਖਾਧੜੀ ਨਾਲ ਏਟੀਐਮ ਕਾਰਡ ਬਦਲ ਕੇ ਪੈਸੇ ਹੜਪ ਲੈਂਦੇ ਸਨ। ਇਹਨਾਂ ਦੇ ਨਿਸ਼ਾਨੇ ਜਿਆਦਾਤਰ ਬਜ਼ੁਰਗ ਅਤੇ ਨਾ ਜਾਣਕਾਰੀ ਵਾਲੇ ਲੋਕ ਹੁੰਦੇ ਸਨ। ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਪਿਛਲੇ ਦੋ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਬੈਂਕਾਂ ਵਿੱਚ ਇਹ ਕਾਰਵਾਈਆਂ ਕਰ ਰਹੇ ਸਨ ਅਤੇ ਉਹਨਾਂ ਕੋਲੋਂ 184 ਵੱਖ-ਵੱਖ ਬੈਂਕਾਂ ਦੇ ਏਟੀਐਮ ਕਾਰਡ ਵੀ ਬਰਾਮਦ ਕੀਤੇ ਗਏ।
Get all latest content delivered to your email a few times a month.