IMG-LOGO
ਹੋਮ ਪੰਜਾਬ: ਹੜ੍ਹਾਂ ਕਰਕੇ 1.75 ਲੱਖ ਹੈਕਟੇਅਰ ਫ਼ਸਲੀ ਰਕਬਾ ਬਰਬਾਦ ਹੋਇਆ: ਹਰਦੀਪ...

ਹੜ੍ਹਾਂ ਕਰਕੇ 1.75 ਲੱਖ ਹੈਕਟੇਅਰ ਫ਼ਸਲੀ ਰਕਬਾ ਬਰਬਾਦ ਹੋਇਆ: ਹਰਦੀਪ ਸਿੰਘ ਮੁੰਡੀਆਂ

Admin User - Sep 03, 2025 08:17 PM
IMG

ਸੂਬੇ ਭਰ ‘ਚ 3.55 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਕਰੀਬ 20,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਅਤੇ 167 ਰਾਹਤ ਕੈਂਪ ਕਾਰਜਸ਼ੀਲ

ਚੰਡੀਗੜ੍ਹ, 3 ਸਤੰਬਰ:

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਭਿਆਨਕ ਹੜ੍ਹਾਂ ਕਰਕੇ 1,75,216 ਹੈਕਟੇਅਰ ਖੇਤੀਬਾੜੀ ਰਕਬੇ ‘ਚ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ, ਅੰਮ੍ਰਿਤਸਰ, ਮਾਨਸਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹਨ, ਜਿੱਥੇ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫਸਲਾਂ, ਪਿੰਡਾਂ ਅਤੇ ਉਥੇ ਵਸਦੀ ਆਬਾਦੀ ਨੂੰ ਹੋਏ ਨੁਕਸਾਨ ਤੋਂ ਇਸ ਆਫ਼ਤ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਰਾਹਤ ਕਾਰਜਾਂ ਦੇ ਵੇਰਵੇ ਸਾਂਝੇ ਕਰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨੀਵੇਂ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ‘ਚੋਂ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਸਭ ਤੋਂ ਵੱਧ 5581 ਵਿਅਕਤੀਆਂ, ਫਿਰੋਜ਼ਪੁਰ ‘ਚ 3495, ਅੰਮ੍ਰਿਤਸਰ ‘ਚ 2734, ਫਾਜ਼ਿਲਕਾ ‘ਚ 2422, ਹੁਸ਼ਿਆਰਪੁਰ ‘ਚ 1615, ਕਪੂਰਥਲਾ ‘ਚ 1428, ਪਠਾਨਕੋਟ ‘ਚ 1139, ਬਰਨਾਲਾ ‘ਚ 369, ਜਲੰਧਰ ‘ਚ 474, ਮੋਗਾ ‘ਚ 115, ਮਾਨਸਾ ‘ਚ 16, ਰੂਪਨਗਰ ‘ਚ 65 ਅਤੇ ਜ਼ਿਲ੍ਹਾ ਤਰਨ ਤਾਰਨ ‘ਚ 21 ਵਿਅਕੀਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਰਹਿਣ ਲਈ ਰਾਜ ਭਰ ਵਿੱਚ 167 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਰਨਾਲਾ ਵਿੱਚ 29 ਕੈਂਪ, ਪਟਿਆਲਾ ਵਿੱਚ 26, ਐਸ.ਬੀ.ਐਸ. ਨਗਰ ਵਿੱਚ 23, ਫਾਜ਼ਿਲਕਾ ਅਤੇ ਜਲੰਧਰ ਵਿੱਚ 11-11, ਅੰਮ੍ਰਿਤਸਰ ਵਿੱਚ 16, ਪਠਾਨਕੋਟ ਵਿੱਚ 14, ਗੁਰਦਾਸਪੁਰ ਵਿੱਚ 13, ਫਿਰੋਜ਼ਪੁਰ ਵਿੱਚ 8, ਹੁਸ਼ਿਆਰਪੁਰ ਵਿੱਚ 5, ਰੂਪਨਗਰ ਵਿੱਚ 3, ਕਪੂਰਥਲਾ ਵਿੱਚ 4, ਮੋਗਾ ਵਿੱਚ 2 ਅਤੇ ਮਾਨਸਾ ਤੇ ਸੰਗਰੂਰ ਵਿੱਚ 1-1 ਕੈਂਪ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਇਸ ਵੇਲੇ 5304 ਲੋਕ ਬਸੇਰਾ ਕਰ ਰਹੇ ਹਨ, ਜਿਸ ਵਿੱਚ ਸਭ ਤੋਂ ਵੱਧ ਫਾਜ਼ਿਲਕਾ ਦੇ (1468) ਲੋਕ, ਹੁਸ਼ਿਆਰਪੁਰ ਦੇ (1041), ਫਿਰੋਜ਼ਪੁਰ ਦੇ (706), ਅੰਮ੍ਰਿਤਸਰ ਦੇ (371), ਜਲੰਧਰ ਦੇ  (474), ਬਰਨਾਲਾ ਦੇ (369), ਪਠਾਨਕੋਟ ਦੇ (417), ਮਾਨਸਾ ਦੇ (163), ਮੋਗਾ ਦੇ  (115), ਸੰਗਰੂਰ ਦੇ (75), ਕਪੂਰਥਲਾ ਦੇ (57), ਰੂਪਨਗਰ ਦੇ (35) ਅਤੇ ਗੁਰਦਾਸਪੁਰ ਦੇ (13) ਲੋਕ ਸ਼ਾਮਲ ਹਨ। 

ਮਾਲ ਮੰਤਰੀ ਨੇ ਦੱਸਿਆ ਕਿ 1655 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਨਾਲ 3,55,709 ਲੋਕਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ ਦੇ (324 ਪਿੰਡ), ਅੰਮ੍ਰਿਤਸਰ ਦੇ (190), ਕਪੂਰਥਲਾ ਦੇ (123), ਹੁਸ਼ਿਆਰਪੁਰ ਦੇ (121), ਮਾਨਸਾ ਦੇ (114), ਫਿਰੋਜ਼ਪੁਰ ਦੇ (111), ਪਠਾਨਕੋਟ ਦੇ (88), ਫਾਜ਼ਿਲਕਾ ਦੇ (77), ਸੰਗਰੂਰ ਦੇ (107), ਤਰਨਤਾਰਨ ਦੇ (70), ਜਲੰਧਰ ਦੇ (64), ਪਟਿਆਲਾ ਦੇ (53) ਅਤੇ ਐਸ.ਬੀ.ਐਸ. ਨਗਰ ਦੇ (44) ਪਿੰਡ ਸ਼ਾਮਲ ਹਨ। ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਠਿੰਡਾ ਦੇ (13), ਫਰੀਦਕੋਟ ਦੇ (15), ਰੂਪਨਗਰ ਦੇ (5), ਲੁਧਿਆਣਾ ਦੇ (26), ਬਰਨਾਲਾ ਦੇ (37), ਸ੍ਰੀ ਮੁਕਤਸਰ ਸਾਹਿਬ ਦੇ (24), ਮਾਲੇਰਕੋਟਲਾ ਦੇ (7), ਐਸ.ਏ.ਐਸ. ਨਗਰ ਦੇ (13) ਅਤੇ ਮੋਗਾ ਦੇ (29) ਪਿੰਡ ਸ਼ਾਮਲ ਹਨ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਕੁੱਲ 3,55,709 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ (1,17,534) ਲੋਕ, ਗੁਰਦਾਸਪੁਰ ਦੇ (1,45,000), ਫਿਰੋਜ਼ਪੁਰ ਦੇ (39,076) ਅਤੇ ਫਾਜ਼ਿਲਕਾ ਦੇ (21,562) ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹੋਰਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਦੇ (15,053) ਲੋਕ, ਕਪੂਰਥਲਾ ਦੇ (5728), ਐਸਏਐਸ ਨਗਰ ਦੇ (7,000), ਹੁਸ਼ਿਆਰਪੁਰ ਦੇ (1966) ਅਤੇ ਜਲੰਧਰ ਦੇ (991) ਲੋਕ ਸ਼ਾਮਲ ਹਨ, ਜਦੋਂ ਕਿ ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਰਨਾਲਾ ਦੇ (476), ਮੋਗਾ ਦੇ (800), ਰੂਪਨਗਰ ਦੇ (300), ਮਾਨਸਾ ਦੇ (163) ਅਤੇ ਜ਼ਿਲ੍ਹਾ ਤਰਨ ਤਾਰਨ ਦੇ (60) ਲੋਕ ਸ਼ਾਮਲ ਹਨ। 

ਫ਼ਸਲੀ ਰਕਬੇ ਦੇ ਹੋਏ ਨੁਕਸਾਨ ਬਾਰੇ ਦੱਸਦਿਆਂ ਮਾਲ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 1,75,216 ਹੈਕਟੇਅਰ ਰਕਬੇ ‘ਚ ਖੜ੍ਹੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ, ਜਿਸ ਵਿੱਚ ਇਕੱਲੇ ਗੁਰਦਾਸਪੁਰ ‘ਚ 40,169 ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਮਾਨਸਾ ‘ਚ (24,967), ਅੰਮ੍ਰਿਤਸਰ ‘ਚ (23,000 ਹੈਕਟੇਅਰ), ਫਾਜ਼ਿਲਕਾ ‘ਚ (17,786), ਫਿਰੋਜ਼ਪੁਰ ‘ਚ (17,620), ਕਪੂਰਥਲਾ ‘ਚ (14,934), ਤਰਨ ਤਾਰਨ ‘ਚ (12,828), ਸੰਗਰੂਰ ‘ਚ (6560), ਹੁਸ਼ਿਆਰਪੁਰ ‘ਚ (5971), ਪਠਾਨਕੋਟ ‘ਚ (2442), ਜਲੰਧਰ ‘ਚ (3000), ਐਸ.ਏ.ਐਸ ਨਗਰ ‘ਚ (2000), ਪਟਿਆਲਾ ‘ਚ (600), ਮੋਗਾ ‘ਚ (2240), ਬਠਿੰਡਾ ‘ਚ (586), ਰੂਪਨਗਰ ‘ਚ (300), ਐਸ.ਬੀ.ਐਸ ਨਗਰ ‘ਚ (181) ਅਤੇ ਲੁਧਿਆਣਾ ਵਿੱਚ (32) ਹੈਕਟੇਅਰ ਫ਼ਸਲੀ ਰਕਬਾ ਬਰਬਾਦ ਹੋਇਆ ਹੈ। 

ਸ. ਮੁੰਡੀਆਂ ਨੇ ਦੱਸਿਆ ਕਿ 12 ਜ਼ਿਲ੍ਹਿਆਂ ਵਿੱਚ 37 ਲੋਕਾਂ ਦੀ ਜਾਨ ਗਈ ਹੈ, ਜਦੋਂ ਕਿ ਪਠਾਨਕੋਟ ਦੇ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਸਭ ਤੋਂ ਵੱਧ ਮੌਤਾਂ ਹੁਸ਼ਿਆਰਪੁਰ ‘ਚ (7), ਪਠਾਨਕੋਟ ‘ਚ (6), ਬਰਨਾਲਾ ‘ਚ (5) ਅੰਮ੍ਰਿਤਸਰ ਅਤੇ ਲੁਧਿਆਣਾ ‘ਚ (4-4), ਜਦੋਂ ਕਿ ਬਠਿੰਡਾ ਅਤੇ ਮਾਨਸਾ ਵਿੱਚ (3-3), ਗੁਰਦਾਸਪੁਰ, ਪਟਿਆਲਾ, ਰੂਪਨਗਰ, ਐਸ.ਏ.ਐਸ ਨਗਰ ਅਤੇ ਸੰਗਰੂਰ ਵਿੱਚ (1-1) ਮੌਤ ਦਰਜ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿੱਚ  ਕੁੱਲ 22 ਐਨ.ਡੀ.ਆਰ.ਐਫ ਟੀਮਾਂ ਲੱਗੀਆਂ ਹੋਈਆ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ‘ਚ (4-4), ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ‘ਚ (3-3), ਜਲੰਧਰ ‘ਚ (2), ਬਠਿੰਡਾ, ਰੂਪਨਗਰ ਅਤੇ ਕਪੂਰਥਲਾ ‘ਚ (1-1) ਟੀਮ ਤਾਇਨਾਤ ਹੈ। ਇੰਜੀਨੀਅਰ ਟੀਮਾਂ ਦੇ ਨਾਲ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੀਆਂ ਟੁਕੜੀਆਂ ਦੀ ਤਾਇਨਾਤੀ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਗੁਰਦਾਸਪੁਰ ‘ਚ (3), ਪਠਾਨਕੋਟ, ਰੂਪਨਗਰ ਅਤੇ ਅੰਮ੍ਰਿਤਸਰ ‘ਚ (2-2) ਅਤੇ ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ‘ਚ (1-1) ਟੁਕੜੀਆਂ ਤਾਇਨਾਤ ਹਨ।

ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਪਹੁਚਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਤਕਰੀਬਨ 35 ਹੈਲੀਕਾਪਟਰ ਤਾਇਨਾਤ ਹਨ। ਬੀ.ਐਸ.ਐਫ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਰਾਹਤ ਅਤੇ ਬਚਾਅ ਕਾਰਜ ਸਰਗਰਮੀ ਨਾਲ ਜਾਰੀ ਹਨ। ਸੂਬਾ ਸਰਕਾਰ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ 117 ਕਿਸ਼ਤੀਆਂ ਅਤੇ ਇੱਕ ਸਰਕਾਰੀ ਹੈਲੀਕਾਪਟਰ ਵੀ ਕੰਮ ਵਿੱਚ ਲਗਾਇਆ ਹੋਇਆ ਹੈ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.