ਤਾਜਾ ਖਬਰਾਂ
ਦੇਸ਼ ਵਿੱਚ ਮਾਨਸੂਨ ਆਪਣਾ ਰੁਖ ਮੁੜਨ ਲੱਗ ਪਿਆ ਹੈ, ਪਰ ਰੁਖਸਤੀ ਵੇਲੇ ਵੀ ਇਹ ਕਈ ਇਲਾਕਿਆਂ ਵਿੱਚ ਮੀਂਹ ਛੱਡ ਕੇ ਜਾ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ 18 ਸਤੰਬਰ ਦੀ ਰਾਤ ਤੋਂ 19 ਸਤੰਬਰ ਦੀ ਸਵੇਰ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਮਾਨਸੂਨ 25 ਸਤੰਬਰ ਦੇ ਆਲੇ-ਦੁਆਲੇ ਦਿੱਲੀ ਤੋਂ ਵਾਪਸ ਮੁੜਦਾ ਹੈ, ਪਰ ਇਸ ਵਾਰ ਨਮੀ ਘਟਣ ਅਤੇ ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ ਇਹ ਪ੍ਰਕਿਰਿਆ 20-21 ਸਤੰਬਰ ਤੱਕ ਪੂਰੀ ਹੋ ਸਕਦੀ ਹੈ।
ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ 18-19 ਸਤੰਬਰ ਨੂੰ ਬੂੰਦਾਬਾਂਦੀ ਦੇ ਆਸਾਰ ਹਨ। ਇਸ ਤੋਂ ਬਾਅਦ ਇੱਥੋਂ ਵੀ ਮਾਨਸੂਨ ਤੇਜ਼ੀ ਨਾਲ ਖਿਸਕਣ ਲੱਗੇਗਾ। ਰਾਜਸਥਾਨ ਅਤੇ ਗੁਜਰਾਤ ਦੇ ਕਈ ਹਿੱਸਿਆਂ ‘ਚੋਂ ਮਾਨਸੂਨ ਪਹਿਲਾਂ ਹੀ ਪਿੱਛੇ ਹਟ ਗਿਆ ਹੈ, ਪਰ ਇੱਕ ਨਵੀਂ ਪ੍ਰਣਾਲੀ ਦੇ ਚਲਦਿਆਂ ਇੱਥੇ ਅਗਲੇ ਦੋ ਦਿਨ ਮੀਂਹ ਹੋ ਸਕਦਾ ਹੈ।
ਦੇਸ਼ ਪੱਧਰ ‘ਤੇ ਦੇਖਿਆ ਜਾਵੇ ਤਾਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉਪ-ਹਿਮਾਲਈ ਬੰਗਾਲ ਅਤੇ ਸਿੱਕਿਮ ਵਿੱਚ ਆਉਂਦੇ ਦਿਨਾਂ ‘ਚ ਭਾਰੀ ਤੋਂ ਅਤਿ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ 30 ਜ਼ਿਲ੍ਹਿਆਂ ਲਈ ਮੀਂਹ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਲੋਕਾਂ ਲਈ ਰਾਹਤ ਅਤੇ ਪੁਨਰਵਾਸ ਦਾ ਕੰਮ ਜਾਰੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਮੀਖਿਆ ਮੀਟਿੰਗ ਦੌਰਾਨ ਹੁਕਮ ਦਿੱਤਾ ਕਿ ਜਿਨ੍ਹਾਂ ਲੋਕਾਂ ਦੇ ਘਰ ਅਸੁਰੱਖਿਅਤ ਹਨ, ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਵਸਾਇਆ ਜਾਵੇ। ਅਧਿਕਾਰਕ ਅੰਕੜਿਆਂ ਮੁਤਾਬਕ ਇਸ ਸਾਲ ਮਾਨਸੂਨ ਦੌਰਾਨ ਹਿਮਾਚਲ ਵਿੱਚ ਵੱਖ-ਵੱਖ ਹਾਦਸਿਆਂ ਵਿੱਚ 417 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 45 ਅਜੇ ਵੀ ਲਾਪਤਾ ਹਨ।
Get all latest content delivered to your email a few times a month.