ਤਾਜਾ ਖਬਰਾਂ
ਪੰਜਾਬ ਵਿੱਚ ਹੜ੍ਹਾਂ ਤੇ ਮੀਂਹ ਦੀ ਤਬਾਹੀ ਕਾਰਨ ਹਾਲਾਤ ਬਹੁਤ ਨਾਜ਼ੁਕ ਹੋਏ ਪਏ ਹਨ। ਲੱਖਾਂ ਪਰਿਵਾਰ ਬੇਘਰ ਹੋ ਗਏ, ਸੈਂਕੜਿਆਂ ਪਿੰਡ ਪਾਣੀ ਹੇਠ ਆ ਗਏ ਹਨ ਤੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਇਸ ਸੰਕਟ ਦੇ ਮੱਦੇਨਜ਼ਰ, ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਐਲਾਨੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਅਣਪੂਰਾ ਕਰਾਰ ਦਿੰਦਿਆਂ, ਇੱਕ ਵੱਡੇ ਅਤੇ ਵਿਆਪਕ ਪੈਕੇਜ ਦੀ ਮੰਗ ਕੀਤੀ ਹੈ।
ਰਾਹੁਲ ਗਾਂਧੀ ਨੇ ਦਲੀਲ ਦਿੱਤੀ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1,600 ਕਰੋੜ ਰੁਪਏ ਦੀ ਰਕਮ ਇਸ ਵੱਡੇ ਸੰਕਟ ਦੇ ਸਾਹਮਣੇ ਨਗਣ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਇਹ ਇਕ ਬੇਇਨਸਾਫ਼ੀ ਵਰਗਾ ਹੈ।
ਕਾਂਗਰਸੀ ਆਗੂ ਨੇ ਆਪਣੇ ਹਾਲੀਆ ਪੰਜਾਬ ਦੌਰੇ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਅੱਖੀਂ ਦੇਖਿਆ ਕਿ ਕਿਵੇਂ ਲੱਖਾਂ ਲੋਕ ਆਪਣਾ ਘਰ-ਦੁਆਰ ਗੁਆ ਬੈਠੇ ਹਨ। ਕਰੀਬ 4 ਲੱਖ ਏਕੜ ਝੋਨਾ ਪਾਣੀ ਹੇਠ ਆ ਗਿਆ, 10 ਲੱਖ ਤੋਂ ਵੱਧ ਪਸ਼ੂ ਮਾਰੇ ਗਏ ਅਤੇ ਕਈ ਪਿੰਡਾਂ ਦਾ ਸੰਪਰਕ ਤੂਟ ਗਿਆ। ਹੜ੍ਹਾਂ ਨੇ ਭਵਿੱਖ ਵਿੱਚ ਵੀ ਹਜ਼ਾਰਾਂ ਏਕੜ ਜ਼ਮੀਨ ਨੂੰ ਖੇਤੀ ਲਈ ਅਣਉਪਯੋਗ ਬਣਾ ਦਿੱਤਾ ਹੈ।
ਇਸ ਸਭ ਦੇ ਬਾਵਜੂਦ, ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਦੀ ਇਕਜੁੱਟਤਾ ਅਤੇ ਮਨੁੱਖਤਾ ਦੀ ਮਿਸਾਲ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਜਨਬੀਆਂ ਲਈ ਆਪਣੇ ਘਰ ਖੋਲ੍ਹੇ, ਆਪਣਾ ਖਾਣ-ਪੀਣ ਸਾਂਝਾ ਕੀਤਾ ਅਤੇ ਇਕ-ਦੂਜੇ ਦਾ ਸਾਥ ਦਿੱਤਾ।
ਪੱਤਰ ਦੇ ਅੰਤ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਨੁਕਸਾਨ ਦਾ ਅਸਲੀ ਅੰਦਾਜ਼ਾ ਲਗਾ ਕੇ ਇਕ ਵੱਡਾ ਰਾਹਤ ਪੈਕੇਜ ਜਾਰੀ ਕੀਤਾ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਸਮਾਂ ਪੰਜਾਬ ਦੇ ਹਰ ਕਿਸਾਨ, ਹਰ ਪਰਿਵਾਰ ਅਤੇ ਹਰ ਨੌਜਵਾਨ ਨੂੰ ਭਰੋਸਾ ਦਿਵਾਉਣ ਦਾ ਹੈ ਕਿ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
Get all latest content delivered to your email a few times a month.