ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਨਾਮਵਰ ਸਿੰਗਰ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅਤੇ ਭੋਗ ਦਾ ਪ੍ਰੋਗਰਾਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਿੰਡਾ ਪੋਨਾ, ਤਹਿਸੀਲ ਜਗਰਾਂਉ (ਲੁਧਿਆਣਾ) ਵਿਖੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਉਮੀਦ ਹੈ ਕਿ ਇਸ ਮੌਕੇ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਰਧਾਂਜਲੀ ਦੇਣ ਲਈ ਪਹੁੰਚਣਗੀਆਂ।
ਹਾਦਸੇ ਬਾਰੇ ਪੰਚਕੁਲਾ ਪੁਲਿਸ ਨੇ ਕੀਤਾ ਸਪੱਸ਼ਟ: ਟੱਕਰ ਪਸ਼ੂ ਨਾਲ ਹੋਈ, ਬੋਲੈਰੋ ਨਾਲ ਨਹੀਂ
ਗਾਇਕ ਰਾਜਵੀਰ ਜਵੰਦਾ ਦੇ ਬੇਵਕਤੀ ਤੁਰ ਜਾਣ ਦਾ ਕਾਰਨ ਬਣੇ ਸੜਕ ਹਾਦਸੇ ਦੀ ਤਸਵੀਰ ਹੁਣ ਸਾਫ਼ ਹੋ ਗਈ ਹੈ। ਸ਼ੁਰੂ ਵਿੱਚ ਇਹ ਖ਼ਬਰਾਂ ਸਨ ਕਿ ਉਨ੍ਹਾਂ ਦੀ ਬਾਈਕ ਦੋ ਲੜ ਰਹੇ ਅਵਾਰਾ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਬੋਲੈਰੋ ਗੱਡੀ ਨਾਲ ਟਕਰਾ ਗਈ ਸੀ। ਹਾਲਾਂਕਿ, ਇਸ ਮਾਮਲੇ ਦੀ ਜਾਂਚ ਕਰ ਰਹੇ ਪੰਚਕੁਲਾ ਪੁਲਿਸ ਦੇ ਅਧਿਕਾਰੀ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਬਾਈਕ ਦਾ ਐਕਸੀਡੈਂਟ ਸਿੱਧੇ ਤੌਰ 'ਤੇ ਇੱਕ ਪਸ਼ੂ ਨਾਲ ਟਕਰਾਉਣ ਕਰਕੇ ਹੋਇਆ ਸੀ ਅਤੇ ਘਟਨਾ ਵਾਲੀ ਥਾਂ 'ਤੇ ਕੋਈ ਬੋਲੈਰੋ ਗੱਡੀ ਮੌਜੂਦ ਨਹੀਂ ਸੀ।
ਜਾਂਚ ਅਧਿਕਾਰੀ ਅਨੁਸਾਰ, ਰਾਜਵੀਰ ਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਹ ਕੁੱਲ ਪੰਜ ਦੋਸਤ ਸਨ ਅਤੇ ਸਾਰੇ ਆਪਣੀਆਂ-ਆਪਣੀਆਂ ਬਾਈਕਾਂ 'ਤੇ ਸਵਾਰ ਸਨ। ਪਿੰਜੌਰ ਦੇ ਨੇੜੇ ਉਨ੍ਹਾਂ ਦਾ ਹਾਦਸਾ ਹੋ ਗਿਆ। ਚਸ਼ਮਦੀਦਾਂ ਨਾਲ ਗੱਲਬਾਤ ਤੋਂ ਇਹ ਪੁਸ਼ਟੀ ਹੋਈ ਕਿ ਬਾਈਕ ਦੀ ਟੱਕਰ ਪਸ਼ੂ ਨਾਲ ਹੋਈ ਸੀ। ਹਾਦਸੇ ਵਾਲੀ ਥਾਂ ਤੋਂ 100 ਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਸ਼ੌਰਿਆ ਹਸਪਤਾਲ ਦੇ ਨੇੜੇ ਮੌਜੂਦ ਲੋਕਾਂ ਨੇ ਵੀ ਇਸੇ ਗੱਲ ਦੀ ਤਸਦੀਕ ਕੀਤੀ ਹੈ।
11 ਦਿਨ ਵੈਂਟੀਲੇਟਰ 'ਤੇ ਲੜਦੇ ਰਹੇ ਜ਼ਿੰਦਗੀ ਦੀ ਜੰਗ, 8 ਅਕਤੂਬਰ ਨੂੰ ਹੋਈ ਮੌਤ
ਹਾਦਸੇ ਦੌਰਾਨ ਰਾਜਵੀਰ ਜਵੰਦਾ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਬਾਅਦ ਵਿੱਚ ਫੋਰਟਿਸ ਹਸਪਤਾਲ, ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਇਲਾਜ ਲਗਭਗ 11 ਦਿਨ ਚੱਲਦਾ ਰਿਹਾ ਅਤੇ ਉਹ ਵੈਂਟੀਲੇਟਰ ਸਪੋਰਟ 'ਤੇ ਸਨ। ਇਸ ਦੌਰਾਨ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੀ ਰਹੇ। ਡਾਕਟਰਾਂ ਨੇ ਦੱਸਿਆ ਕਿ ਦਿਮਾਗ ਵਿੱਚ ਕੋਈ ਹਰਕਤ ਨਾ ਹੋਣ ਅਤੇ ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰਨ ਤੋਂ ਬਾਅਦ, 8 ਅਕਤੂਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
Get all latest content delivered to your email a few times a month.