ਤਾਜਾ ਖਬਰਾਂ
ਆਨਲਾਈਨ ਸੱਟੇਬਾਜ਼ੀ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦਿਆਂ ਦੇਸ਼ ਦੀਆਂ ਨਾਮੀ ਹਸਤੀਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ '1xBet' ਬੈਟਿੰਗ ਐਪ ਮਾਮਲੇ ਵਿੱਚ ਮਨੀ ਲਾਂਡਰਿੰਗ ਤਹਿਤ ਕਾਰਵਾਈ ਕਰਦਿਆਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਅਦਾਕਾਰ ਸੋਨੂੰ ਸੂਦ ਅਤੇ ਕਈ ਬਾਲੀਵੁੱਡ ਸਿਤਾਰਿਆਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ (Provisional Attachment) ਕਰ ਲਈਆਂ ਹਨ।
ਸਿਤਾਰਿਆਂ ਦੇ ਨਾਮ ਅਤੇ ਜ਼ਬਤ ਰਾਸ਼ੀ ਦਾ ਵੇਰਵਾ ਈਡੀ ਵੱਲੋਂ ਜਾਰੀ ਤਾਜ਼ਾ ਸੂਚੀ ਅਨੁਸਾਰ, ਸੱਟੇਬਾਜ਼ੀ ਐਪ ਦੇ ਪ੍ਰਚਾਰ ਅਤੇ ਇਸ ਨਾਲ ਜੁੜੇ ਵਿੱਤੀ ਲੈਣ-ਦੇਣ ਦੇ ਸ਼ੱਕ ਵਿੱਚ ਹੇਠ ਲਿਖੀਆਂ ਹਸਤੀਆਂ ਦੀ ਜਾਇਦਾਦ ਅਟੈਚ ਕੀਤੀ ਗਈ ਹੈ:
ਯੁਵਰਾਜ ਸਿੰਘ (ਸਾਬਕਾ ਕ੍ਰਿਕਟਰ): 2.5 ਕਰੋੜ ਰੁਪਏ
ਉਰਵਸ਼ੀ ਰੌਤੇਲਾ (ਅਦਾਕਾਰਾ): 2.02 ਕਰੋੜ ਰੁਪਏ (ਮਾਤਾ ਦੇ ਨਾਮ 'ਤੇ ਦਰਜ ਜਾਇਦਾਦ)
ਨੇਹਾ ਸ਼ਰਮਾ (ਅਦਾਕਾਰਾ): 1.26 ਕਰੋੜ ਰੁਪਏ
ਸੋਨੂੰ ਸੂਦ (ਅਦਾਕਾਰ): 1 ਕਰੋੜ ਰੁਪਏ
ਮਿਮੀ ਚੱਕਰਵਰਤੀ ਤੇ ਅੰਕੁਸ਼ ਹਾਜ਼ਰਾ: ਕ੍ਰਮਵਾਰ 59 ਲੱਖ ਅਤੇ 47.20 ਲੱਖ ਰੁਪਏ
ਰੌਬਿਨ ਉਥੱਪਾ (ਕ੍ਰਿਕਟਰ): 8.26 ਲੱਖ ਰੁਪਏ
ਟੈਕਸ ਚੋਰੀ ਅਤੇ ਧੋਖਾਧੜੀ ਦਾ ਸੰਗੀਨ ਇਲਜ਼ਾਮ ਜਾਂਚ ਏਜੰਸੀ ਮੁਤਾਬਕ ਇਹ ਮਾਮਲਾ ਉਨ੍ਹਾਂ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦੀ ਟੈਕਸ ਚੋਰੀ ਕੀਤੀ ਗਈ ਅਤੇ ਨਿਵੇਸ਼ਕਾਂ ਨਾਲ ਧੋਖਾਧੜੀ ਹੋਈ। ਹਾਲਾਂਕਿ 1xBet ਕੰਪਨੀ ਖ਼ੁਦ ਨੂੰ ਇੱਕ ਅੰਤਰਰਾਸ਼ਟਰੀ ਪੱਧਰ ਦਾ ਮਾਨਤਾ ਪ੍ਰਾਪਤ ਸੱਟੇਬਾਜ਼ ਦੱਸਦੀ ਹੈ, ਪਰ ਭਾਰਤ ਵਿੱਚ ਇਸ ਦੇ ਵਿੱਤੀ ਲੈਣ-ਦੇਣ ਈਡੀ ਦੇ ਰਾਡਾਰ 'ਤੇ ਹਨ।
ਹੁਣ ਤੱਕ 19 ਕਰੋੜ ਤੋਂ ਵੱਧ ਦੀ ਰਿਕਵਰੀ ਈਡੀ ਨੇ ਇਸ ਤਾਜ਼ਾ ਕਾਰਵਾਈ ਵਿੱਚ ਕੁੱਲ 7.93 ਕਰੋੜ ਰੁਪਏ ਦੀ ਸੰਪੱਤੀ ਜ਼ਬਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏਜੰਸੀ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਕ੍ਰਿਕਟਰ ਸ਼ਿਖਰ ਧਵਨ ਦੀ 4.55 ਕਰੋੜ ਅਤੇ ਸੁਰੇਸ਼ ਰੈਨਾ ਦੀ 6.64 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ। ਹੁਣ ਤੱਕ ਇਸ ਪੂਰੇ ਘੁਟਾਲੇ ਵਿੱਚ ਈਡੀ ਵੱਲੋਂ ਕੁੱਲ 19.07 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਏਜੰਸੀ ਵੱਲੋਂ ਇਸ ਮਾਮਲੇ ਵਿੱਚ ਹੋਰ ਕਈ ਵੱਡੀਆਂ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਮਨੋਰੰਜਨ ਅਤੇ ਖੇਡ ਜਗਤ ਵਿੱਚ ਹੜਕੰਪ ਮਚਿਆ ਹੋਇਆ ਹੈ।
Get all latest content delivered to your email a few times a month.