ਤਾਜਾ ਖਬਰਾਂ
ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਅਤੇ ਮਨੁਰੇਵਾ ਖੇਤਰਾਂ ਵਿੱਚ ਸਿੱਖਾਂ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਨਿਵਾਸੀਆਂ ਦੇ ਇੱਕ ਸਮੂਹ ਵੱਲੋਂ ਰਸਤਾ ਰੋਕ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਮਾਮਲਾ ਭੱਖ ਗਿਆ ਹੈ। ਜਿੱਥੇ ਇਸ ਘਟਨਾ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਕਈ ਵੱਡੇ ਆਗੂਆਂ ਨੇ ਸਖ਼ਤ ਵਿਰੋਧ ਕੀਤਾ ਹੈ, ਉੱਥੇ ਹੀ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਮੁੱਖ ਵਿਅਕਤੀ ਬ੍ਰਿਆਨ ਟਮਾਕੀ ਨੇ ਹੁਣ ਸਾਹਮਣੇ ਆ ਕੇ ਵਿਰੋਧ ਦੀ ਵਜ੍ਹਾ ਦੱਸੀ ਹੈ।
'ਖਾਲਿਸਤਾਨੀ' ਝੰਡੇ ਅਤੇ ਅੱਤਵਾਦੀ ਸੰਗਠਨ ਦਾ ਇਲਜ਼ਾਮ
ਟਮਾਕੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਖਾਲਿਸਤਾਨੀ ਝੰਡੇ ਲਹਿਰਾਉਣ 'ਤੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਲਿਸਤਾਨ ਇੱਕ ਅੱਤਵਾਦੀ ਸੰਗਠਨ ਹੈ, ਨਾ ਕਿ ਸਿੱਖ ਧਰਮ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਅਧਿਕਾਰਤ ਤੌਰ 'ਤੇ ਖਾਲਿਸਤਾਨ ਨਾਲ ਜੁੜੇ ਸੰਗਠਨਾਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕਰਦਾ ਹੈ।
ਟਮਾਕੀ ਨੇ ਨਿਊਜ਼ੀਲੈਂਡ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਦੇਸ਼ ਦੀਆਂ ਗਲੀਆਂ ਵਿੱਚ ਵਿਦੇਸ਼ੀ ਅੱਤਵਾਦੀ ਲਹਿਰ ਨੂੰ ਖੁੱਲ੍ਹੇਆਮ ਪਰੇਡ ਕਰਨ ਦੀ ਇਜਾਜ਼ਤ ਕਿਵੇਂ ਮਿਲੀ। ਉਨ੍ਹਾਂ ਕਿਹਾ ਕਿ ਜੇ ਇਹ ਕਿਸੇ ਹੋਰ ਵਿਦੇਸ਼ੀ ਅੱਤਵਾਦੀ ਨਾਲ ਜੁੜਿਆ ਮਾਮਲਾ ਹੁੰਦਾ ਤਾਂ ਕਾਰਵਾਈ ਤੁਰੰਤ ਹੁੰਦੀ।
ਤਲਵਾਰਾਂ ਅਤੇ ਸੜਕਾਂ ਜਾਮ ਕਰਨ 'ਤੇ ਇਤਰਾਜ਼
ਬ੍ਰਿਆਨ ਟਮਾਕੀ ਨੇ ਆਪਣੇ ਵਿਰੋਧ ਦੇ ਹੋਰ ਕਾਰਨ ਵੀ ਦੱਸੇ। ਉਨ੍ਹਾਂ ਕਿਹਾ ਕਿ ਧਾਰਮਿਕ ਪਰੇਡਾਂ ਲਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਅਤੇ ਜਾਮ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਪਰੇਡ ਵਿੱਚ ਸ਼ਾਮਲ ਲੋਕ ਖੁੱਲ੍ਹੇਆਮ ਤਲਵਾਰਾਂ ਅਤੇ ਛੁਰੇ ਲੈ ਕੇ ਘੁੰਮ ਰਹੇ ਸਨ।
"ਨਿਊਜ਼ੀਲੈਂਡ ਦੇ ਲੋਕਾਂ ਦਾ ਇੱਕ ਸਵਾਲ ਹੈ ਕਿ ਕਦੋਂ ਤੋਂ ਪਰੇਡ ਵਿੱਚ ਤੇਜ਼ਧਾਰ ਹਥਿਆਰਾਂ ਨੂੰ ਇਜਾਜ਼ਤ ਮਿਲ ਗਈ ਹੈ। ਇਹ ਨਿਊਜ਼ੀਲੈਂਡ ਵਿੱਚ ਆਮ ਨਹੀਂ ਹੈ। ਅਸੀਂ ਧਰਮ ਦਾ ਪ੍ਰਚਾਰ ਕਰਨ ਲਈ ਸੜਕਾਂ ਜਾਮ ਨਹੀਂ ਕਰਦੇ ਅਤੇ ਹਥਿਆਰਾਂ ਨਾਲ ਪਰੇਡ ਨਹੀਂ ਕਰਦੇ।"
ਟਮਾਕੀ ਨੇ ਚੇਤਾਵਨੀ ਦਿੱਤੀ ਕਿ ਨਿਊਜ਼ੀਲੈਂਡ ਦੇ ਲੋਕ ਅਤੇ ਨਿਯਮ ਪਹਿਲੇ ਆਉਣਗੇ, ਨਾ ਕਿ ਕੋਈ ਵਿਦੇਸ਼ੀ ਧਾਰਮਿਕ ਵਿਵਸਥਾ ਜੋ ਲੋਕਾਂ ਦੀ ਸੁਰੱਖਿਆ ਨਾਲ ਟਕਰਾਉਂਦੀ ਹੋਵੇ। ਉਨ੍ਹਾਂ ਨੇ ਬਹੁ-ਸੱਭਿਆਚਾਰਵਾਦ ਨੂੰ 'ਇੱਕ ਫੇਲ੍ਹ ਪ੍ਰਯੋਗ' ਦੱਸਦਿਆਂ ਕਿਹਾ ਕਿ ਜੇ ਤੁਸੀਂ ਇੱਥੇ ਰਹਿੰਦੇ ਹੋ, ਤਾਂ ਤੁਹਾਨੂੰ ਉਸ ਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਦੇਸ਼ ਤੁਹਾਡੇ ਲਈ ਆਪਣੇ ਨਿਯਮ ਬਦਲ ਦੇਵੇਗਾ।
ਘਟਨਾ ਦੌਰਾਨ ਸਥਾਨਕ ਨਿਵਾਸੀਆਂ ਨੇ ਵਿਰੋਧ ਵਜੋਂ ਹਾਕਾ ਨਾਚ (ਸੱਭਿਆਚਾਰਕ ਨਾਚ) ਵੀ ਕੀਤਾ। ਬਾਅਦ ਵਿੱਚ ਨਿਊਜ਼ੀਲੈਂਡ ਪੁਲਿਸ ਨੇ ਦਖਲ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਇਆ।
Get all latest content delivered to your email a few times a month.