ਤਾਜਾ ਖਬਰਾਂ
ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਸ਼ਨੀਵਾਰ ਨੂੰ ਸਿੱਖਾਂ ਦੇ ਨਗਰ ਕੀਰਤਨ ਦਾ ਰਸਤਾ ਰੋਕ ਕੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਮਾਮਲਾ ਭੱਖਣ ਤੋਂ ਬਾਅਦ, ਹੁਣ ਨਿਊਜ਼ੀਲੈਂਡ ਦੇ ਸਿਆਸੀ ਆਗੂਆਂ ਦੇ ਬਿਆਨ ਸਾਹਮਣੇ ਆਏ ਹਨ। ਨਿਊਜ਼ੀਲੈਂਡ ਦੇ ਸੰਸਦ ਮੈਂਬਰ (MP) ਰੀਮਾ ਨਖਲੇ ਅਤੇ ਕੌਂਸਲਰ ਡੈਨੀਅਲ ਨਿਊਮੈਨ ਨੇ ਇਸ ਪੂਰੀ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ।
ਡੈਨੀਅਲ ਨਿਊਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਨਾਲ ਇੱਕਜੁੱਟਤਾ ਪ੍ਰਗਟਾਉਂਦੇ ਹੋਏ ਐਲਾਨ ਕੀਤਾ ਕਿ ਉਹ ਅਗਲੇ ਸਾਲ ਨਗਰ ਕੀਰਤਨ ਵਿੱਚ ਜ਼ਰੂਰ ਸ਼ਾਮਲ ਹੋਣਗੇ।
ਸਥਾਨਕ ਪ੍ਰਦਰਸ਼ਨ: 'ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ'
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਥਾਨਕ ਨਿਵਾਸੀਆਂ ਦੇ ਇੱਕ ਸਮੂਹ ਨੇ ਨਗਰ ਕੀਰਤਨ ਦੇ ਰਸਤੇ ਵਿੱਚ ਰੁਕਾਵਟ ਪਾਈ ਅਤੇ ਇਸ ਨੂੰ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ ਕਿ 'ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ', ਜਿਸ ਕਾਰਨ ਵਿਵਾਦ ਹੋਰ ਵੱਧ ਗਿਆ ਸੀ।
ਸੁਖਬੀਰ ਬਾਦਲ ਨੇ ਸਰਕਾਰ ਨੂੰ ਫ਼ਰਜ਼ ਯਾਦ ਕਰਵਾਇਆ
ਇਸ ਮੁੱਦੇ 'ਤੇ ਪੰਜਾਬ ਵਿੱਚ ਵਿਰੋਧ ਪ੍ਰਗਟਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਨਿਊਜ਼ੀਲੈਂਡ ਸਰਕਾਰ ਨੂੰ ਉਨ੍ਹਾਂ ਦਾ ਫ਼ਰਜ਼ ਯਾਦ ਕਰਵਾਇਆ।
ਸ. ਬਾਦਲ ਨੇ ਕਿਹਾ ਕਿ ਹਰ ਧਰਮ ਨੂੰ ਆਪਣੇ ਧਾਰਮਿਕ ਸਮਾਗਮ ਮਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਧੱਕੇ ਨਾਲ ਨਹੀਂ, ਸਗੋਂ ਸਰਕਾਰ ਵੱਲੋਂ ਨਾਗਰਿਕਤਾ ਮਿਲਣ 'ਤੇ ਨਿਊਜ਼ੀਲੈਂਡ ਗਏ ਹਨ।
ਉਨ੍ਹਾਂ ਨੇ ਸਵਾਲ ਕੀਤਾ, "ਜੇ ਪੰਜਾਬੀ ਨਿਊਜ਼ੀਲੈਂਡ ਨਾ ਜਾਂਦੇ ਤਾਂ ਉਨ੍ਹਾਂ ਦੇ ਖੇਤਾਂ ਨੂੰ ਕੌਣ ਸੰਭਾਲਦਾ?"
ਸੁਖਬੀਰ ਬਾਦਲ ਨੇ ਸਿੱਧੇ ਤੌਰ 'ਤੇ ਨਿਊਜ਼ੀਲੈਂਡ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਸਿਟੀਜ਼ਨਸ਼ਿਪ ਦਿੱਤੀ ਹੈ, ਤਾਂ ਉੱਥੋਂ ਦੇ ਨਾਗਰਿਕਾਂ ਨੂੰ ਪ੍ਰੋਟੈਕਸ਼ਨ ਦੇਣਾ ਵੀ ਸਰਕਾਰ ਦਾ ਫਰਜ਼ ਬਣਦਾ ਹੈ।
Get all latest content delivered to your email a few times a month.