ਤਾਜਾ ਖਬਰਾਂ
ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਬਣੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 26 ਜਨਵਰੀ, 2026 ਨੂੰ ਕੌਮੀ ਰਾਜਧਾਨੀ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਅਧਿਆਤਮਿਕਤਾ ਨੂੰ ਸਮਰਪਿਤ ਇੱਕ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾ ਰਹੀ ਹੈ। ਇਹ ਝਾਕੀ ਸਿੱਖ ਧਰਮ ਦੇ ਮਨੁੱਖਤਾ, ਦਇਆ ਅਤੇ ਨਿਰਸਵਾਰਥ ਕੁਰਬਾਨੀ ਦੇ ਸਿਧਾਂਤਾਂ ਦਾ ਹੋਕਾ ਦੇਵੇਗੀ।
ਦੋ ਹਿੱਸਿਆਂ ਵਿੱਚ ਪਰੋਈ ਗਈ ਹੈ ਸ਼ਹਾਦਤ ਦੀ ਦਾਸਤਾਨ
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਝਾਕੀ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਦੋ ਹਿੱਸਿਆਂ ਵਿੱਚ ਤਿਆਰ ਕੀਤਾ ਗਿਆ ਹੈ:
ਝਾਕੀ ਦੇ ਮੂਹਰਲੇ ਹਿੱਸੇ ਵਿੱਚ ਇੱਕ ਪ੍ਰਤੀਕਾਤਮਕ 'ਹੱਥ' ਦਿਖਾਇਆ ਗਿਆ ਹੈ, ਜੋ ਮਨੁੱਖੀ ਹਮਦਰਦੀ ਅਤੇ ਅਧਿਆਤਮਿਕ ਸ਼ਕਤੀ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਇੱਕ ਘੁੰਮਦਾ ਹੋਇਆ 'ਏਕ ਓਂਕਾਰ' ਦਾ ਪ੍ਰਤੀਕ ਅਤੇ 'ਹਿੰਦ ਦੀ ਚਾਦਰ' ਲਿਖਿਆ ਕੱਪੜਾ ਦੱਬੇ-ਕੁਚਲੇ ਲੋਕਾਂ ਦੀ ਰਾਖੀ ਦੇ ਸੰਕਲਪ ਨੂੰ ਉਜਾਗਰ ਕਰਦਾ ਹੈ।
ਝਾਕੀ ਦੇ ਪਿਛਲੇ ਹਿੱਸੇ ਵਿੱਚ ਰਾਗੀ ਸਿੰਘਾਂ ਨੂੰ 'ਸ਼ਬਦ ਕੀਰਤਨ' ਕਰਦਿਆਂ ਦਿਖਾਇਆ ਗਿਆ ਹੈ। ਇਹ ਦ੍ਰਿਸ਼ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਦੇ ਬਾਹਰ ਹੁੰਦੇ ਰੋਜ਼ਾਨਾ ਕੀਰਤਨ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਪਿਛੋਕੜ ਵਿੱਚ ਸਥਾਪਿਤ 'ਖੰਡਾ ਸਾਹਿਬ' ਸਮਾਰਕ ਪੂਰੇ ਮਾਹੌਲ ਨੂੰ ਪਵਿੱਤਰਤਾ ਪ੍ਰਦਾਨ ਕਰਦਾ ਹੈ।
ਮਹਾਨ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਝਾਕੀ ਦੇ ਸਾਈਡ ਪੈਨਲਾਂ ਰਾਹੀਂ ਗੁਰੂ ਸਾਹਿਬ ਦੇ ਅਨਨਯ ਸੇਵਕਾਂ— ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਵੀ ਚਿੱਤਰਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਕੁਰਬਾਨੀਆਂ ਸੱਚ ਅਤੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਮਨੁੱਖਤਾ ਦੀਆਂ ਉੱਚਤਮ ਕਦਰਾਂ-ਕੀਮਤਾਂ ਦਾ ਪ੍ਰਤੀਕ ਹਨ।
ਧਾਰਮਿਕ ਪ੍ਰੋਗਰਾਮਾਂ ਦੀ ਲੜੀ ਦਾ ਹਿੱਸਾ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ 23 ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸੀ। ਗਣਤੰਤਰ ਦਿਵਸ 'ਤੇ ਪੇਸ਼ ਕੀਤੀ ਜਾ ਰਹੀ ਇਹ ਝਾਕੀ ਉਨ੍ਹਾਂ ਹੀ ਸਮਾਗਮਾਂ ਦੀ ਇੱਕ ਅਹਿਮ ਕੜੀ ਹੈ, ਜੋ ਪੂਰੀ ਦੁਨੀਆ ਨੂੰ ਗੁਰੂ ਸਾਹਿਬ ਦੇ 'ਸਰਬੱਤ ਦੇ ਭਲੇ' ਦੇ ਸੰਦੇਸ਼ ਨਾਲ ਜੋੜੇਗੀ।
Get all latest content delivered to your email a few times a month.