ਤਾਜਾ ਖਬਰਾਂ
ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਕਰਤੱਵ ਪੱਥ 'ਤੇ ਪੰਜਾਬ ਦੀ ਝਾਕੀ ਨੇ ਸਿੱਖ ਇਤਿਹਾਸ ਦੀ ਅਮੀਰ ਵਿਰਾਸਤ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਕੁਰਬਾਨੀ ਦਾ ਪ੍ਰਦਰਸ਼ਨ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। 26 ਜਨਵਰੀ, 2026 ਨੂੰ ਕੱਢੀ ਗਈ ਇਸ ਪਰੇਡ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਇਹ ਝਾਕੀ ਅਧਿਆਤਮਿਕਤਾ, ਮਨੁੱਖਤਾ ਅਤੇ ਨਿਰਸਵਾਰਥ ਸੇਵਾ ਦੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਬਣੀ।
ਝਾਕੀ ਦੀ ਬਣਤਰ: 'ਹਿੰਦ ਦੀ ਚਾਦਰ' ਦਾ ਦਿੱਤਾ ਸੰਦੇਸ਼
ਪ੍ਰਸ਼ਾਸਨਿਕ ਬੁਲਾਰੇ ਅਨੁਸਾਰ, ਇਸ ਝਾਕੀ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ:
ਝਾਕੀ ਦੇ ਸਾਹਮਣੇ ਇੱਕ ਵਿਸ਼ਾਲ ਪ੍ਰਤੀਕਾਤਮਕ 'ਹੱਥ' ਦਿਖਾਇਆ ਗਿਆ, ਜੋ ਮਾਨਵਤਾਵਾਦੀ ਪਹੁੰਚ ਅਤੇ ਅਧਿਆਤਮਿਕ ਸ਼ਕਤੀ ਦਾ ਸੁਨੇਹਾ ਦੇ ਰਿਹਾ ਸੀ। ਇਸ ਦੇ ਨਾਲ ਹੀ ਘੁੰਮਦਾ ਹੋਇਆ 'ਏਕ ਓਂਕਾਰ' ਦਾ ਚਿੰਨ੍ਹ ਅਤੇ 'ਹਿੰਦ ਦੀ ਚਾਦਰ' ਲਿਖਿਆ ਕੱਪੜਾ ਗੁਰੂ ਸਾਹਿਬ ਵੱਲੋਂ ਮਜ਼ਲੂਮਾਂ ਦੀ ਰੱਖਿਆ ਲਈ ਕੀਤੇ ਗਏ ਸੰਘਰਸ਼ ਨੂੰ ਦਰਸਾ ਰਿਹਾ ਸੀ।
ਪਿਛਲੇ ਪਾਸੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ (ਦਿੱਲੀ) ਦੇ ਬਾਹਰ ਹੁੰਦੇ ਰੋਜ਼ਾਨਾ ਕੀਰਤਨ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਇੱਥੇ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ, ਜਿਸ ਦੇ ਪਿਛੋਕੜ ਵਿੱਚ 'ਖੰਡਾ ਸਾਹਿਬ' ਦਾ ਸਮਾਰਕ ਇੱਕ ਪਵਿੱਤਰ ਮਾਹੌਲ ਸਿਰਜ ਰਿਹਾ ਸੀ।
ਮਹਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਝਾਕੀ ਦੇ ਸਾਈਡ ਪੈਨਲਾਂ ਰਾਹੀਂ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਮਹਾਨ ਬਲੀਦਾਨਾਂ ਨੂੰ ਚਿੱਤਰਿਆ ਗਿਆ। ਇਨ੍ਹਾਂ ਦ੍ਰਿਸ਼ਾਂ ਨੇ ਲੋਕਾਂ ਨੂੰ ਉਸ ਇਤਿਹਾਸਿਕ ਪਲ ਨਾਲ ਜੋੜਿਆ ਜਦੋਂ ਇਨ੍ਹਾਂ ਸੂਰਬੀਰਾਂ ਨੇ ਸੱਚ ਅਤੇ ਵਿਸ਼ਵਾਸ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਇਸ ਪ੍ਰਦਰਸ਼ਨੀ ਦੌਰਾਨ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਜੁੜੇ ਪਵਿੱਤਰ ਅਸਥਾਨਾਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਨੇ ਸੰਗਤਾਂ ਅਤੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਪੰਜਾਬ ਦੀ ਇਸ ਝਾਕੀ ਨੇ ਨਾ ਸਿਰਫ਼ ਸੂਬੇ ਦੇ ਸੱਭਿਆਚਾਰ ਸਗੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੇ ਗਏ ਵਿਸ਼ਵ ਦੇ ਸਭ ਤੋਂ ਵੱਡੇ ਬਲੀਦਾਨ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ।
Get all latest content delivered to your email a few times a month.