ਤਾਜਾ ਖਬਰਾਂ
ਮਾਇਆਨਗਰੀ ਮੁੰਬਈ ਵਿੱਚ ਫ਼ਿਲਮੀ ਹਸਤੀਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੰਗਲਵਾਰ ਨੂੰ ਸੁਪਰਸਟਾਰ ਰਣਵੀਰ ਸਿੰਘ ਨੂੰ ਮਿਲੀ ਧਮਕੀ ਤੋਂ ਬਾਅਦ ਹੁਣ ਅਭਿਨੇਤਾ ਸਲਮਾਨ ਖਾਨ ਦੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਮੇਲ ਰਾਹੀਂ ਭੇਜੀ ਗਈ ਇਸ ਧਮਕੀ ਵਿੱਚ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਅਤੇ ਮੰਗ ਪੂਰੀ ਨਾ ਹੋਣ 'ਤੇ ਜਾਨੋਂ ਮਾਰਨ ਦੀ ਗੱਲ ਕਹੀ ਗਈ ਹੈ।
ਸਲਮਾਨ ਦੇ ਰਿਸ਼ਤੇਦਾਰ ਤੋਂ ਮੰਗੇ ਕਰੋੜਾਂ ਰੁਪਏ
ਤਾਜ਼ਾ ਰਿਪੋਰਟਾਂ ਅਨੁਸਾਰ, ਸਲਮਾਨ ਖਾਨ ਦੇ ਜਿਸ ਰਿਸ਼ਤੇਦਾਰ ਨੂੰ ਇਹ ਧਮਕੀ ਮਿਲੀ ਹੈ, ਉਹ ਖ਼ੁਦ ਵੀ ਫ਼ਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਇੱਕ ਅਦਾਕਾਰ ਹੈ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਅਜੇ ਤੱਕ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਰਣਵੀਰ ਸਿੰਘ ਦੇ ਘਰ ਦੀ ਸੁਰੱਖਿਆ ਵਧੀ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਦਾਕਾਰ ਰਣਵੀਰ ਸਿੰਘ ਨੂੰ ਵਟਸਐਪ 'ਤੇ ਇੱਕ ਵੌਇਸ ਨੋਟ ਰਾਹੀਂ ਧਮਕੀ ਦਿੱਤੀ ਗਈ ਸੀ। ਧਮਕੀ ਦੇਣ ਵਾਲੇ ਸ਼ਖਸ ਨੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਪੁਲਿਸ ਨੇ ਰਣਵੀਰ ਦੇ ਬਾਂਦਰਾ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਕ੍ਰਾਈਮ ਬ੍ਰਾਂਚ ਵੌਇਸ ਨੋਟ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।
ਰੋਹਿਤ ਸ਼ੈੱਟੀ ਫਾਇਰਿੰਗ ਕੇਸ ਨਾਲ ਜੁੜ ਰਹੇ ਨੇ ਤਾਰ
ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਧਮਕੀਆਂ ਦਾ ਸਬੰਧ 31 ਜਨਵਰੀ ਨੂੰ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਨਾਲ ਹੈ। ਰੋਹਿਤ ਸ਼ੈੱਟੀ ਕੇਸ ਵਿੱਚ ਪੁਲਿਸ ਨੇ ਹਾਲ ਹੀ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਇੱਕ ਮਕੈਨਿਕ ਆਸਾਰਾਮ ਫਸਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਸਾਲੇ ਨੇ ਹੀ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਕ੍ਰਾਈਮ ਬ੍ਰਾਂਚ ਮੁਤਾਬਕ ਲਾਰੈਂਸ ਗੈਂਗ ਦੇ ਮਾਸਟਰਮਾਈਂਡ ਸ਼ੁਭਮ ਲੋਨਕਰ ਦੇ ਇਸ਼ਾਰੇ 'ਤੇ ਹੀ ਰੋਹਿਤ ਸ਼ੈੱਟੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਮੁੰਬਈ ਪੁਲਿਸ ਅਨੁਸਾਰ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਵੀ ਗੈਂਗਸਟਰਾਂ ਦੇ ਰਾਡਾਰ 'ਤੇ ਹੋ ਸਕਦੇ ਹਨ। ਸਾਈਬਰ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਸਾਰੇ ਸ਼ੱਕੀ ਨੰਬਰਾਂ ਅਤੇ ਈਮੇਲ ਆਈਡੀਜ਼ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
Get all latest content delivered to your email a few times a month.